ਵਿਧਾਇਕ ਸੁਖਪਾਲ ਖਹਿਰਾ ਦੀਆਂ ਵਧੀਆਂ ਮੁਸ਼ਕਿਲਾਂ, ਦਰਜ ਮੁਕੱਦਮੇ ’ਚ ਲੱਗੀ ਗੈਰ-ਜ਼ਮਾਨਤੀ ਧਾਰਾ

0
1264

ਭੁਲੱਥ | ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਿਲਾ ਵਧ ਚੁੱਕੀਆਂ ਹਨ ਕਿਉਂਕਿ ਭੁਲੱਥ ਪੁਲਿਸ ਵੱਲੋਂ ਵਿਧਾਇਕ ਖਹਿਰਾ ਖ਼ਿਲਾਫ ਅਪ੍ਰੈਲ ਮਹੀਨੇ ਦਰਜ ਕੀਤੇ ਮੁਕੱਦਮੇ ਵਿਚ ਗੈਰ-ਜ਼ਮਾਨਤੀ ਧਾਰਾ ਨੂੰ ਜੋੜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਐੱਸ. ਡੀ. ਐੱਮ ਭੁਲੱਥ ਸੰਜੀਵ ਕੁਮਾਰ ਸ਼ਰਮਾ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਚੀਫ ਸੈਕਟਰੀ ਪੰਜਾਬ ਨੂੰ ਈ-ਮੇਲ ਰਾਹੀਂ ਸ਼ਿਕਾਇਤ ਭੇਜੀ ਗਈ ਸੀ ਕਿ ਵਿਧਾਇਕ ਹੋਣ ਕਰਕੇ ਉਹ ਖਹਿਰਾ ਦਾ ਸਨਮਾਨ ਕਰਦੇ ਹਨ ਪਰ ਖਹਿਰਾ ਵੱਲੋਂ ਉਸ ਨੂੰ ਡਰਾਇਆ – ਧਮਕਾਇਆ ਜਾ ਰਿਹਾ ਹੈ, ਜਿਸ ਨਾਲ ਮੇਰੀ ਜਾਨ ਨੂੰ ਖਤਰਾ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ।

ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਅਪ੍ਰੈਲ ਮਹੀਨੇ ਵਿਚ ਥਾਣਾ ਭੁਲੱਥ ਵਿਖੇ ਸੁਖਪਾਲ ਸਿੰਘ ਖਹਿਰਾ ਖ਼ਿਲਾਫ ਧਾਰਾ 186, 189, 342, 500 ਤੇ 506 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਸੀ ਪਰ ਹੁਣ ਪੁਲਿਸ ਵੱਲੋਂ ਇਸ ਕੇਸ ਵਿਚ ਧਾਰਾ 353 ਨੂੰ ਜੋੜ ਦਿੱਤਾ ਗਿਆ ਹੈ ਜੋ ਕਿ ਗੈਰ ਜ਼ਮਾਨਤੀ ਧਾਰਾ ਹੈ।

ਅਜਿਹੇ ਵਿਚ ਖਹਿਰਾ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ ਤੇ ਹੁਣ ਖਹਿਰਾ ਖ਼ਿਲਾਫ ਦਰਜ ਮੁਕੱਦਮੇ ਵਿਚ ਗੈਰ-ਜ਼ਮਾਨਤੀ ਧਾਰਾ ਲੱਗਣ ਤੋਂ ਬਾਅਦ ਖਹਿਰਾ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਇਸ ਸਬੰਧੀ ਪੁਸ਼ਟੀ ਕਰਨ ਤੋਂ ਪੁਲਿਸ ਭਾਵੇਂ ਆਨਾਕਾਨੀ ਕਰ ਰਹੀ ਹੈ ਪਰ ਸੂਤਰਾਂ ਮੁਤਾਬਕ ਇਹ ਜਾਣਕਾਰੀ ਸਪੱਸ਼ਟ ਹੈ ਕਿ ਵਿਧਾਇਕ ਖਹਿਰਾ ਖ਼ਿਲਾਫ ਦਰਜ ਮੁਕੱਦਮੇ ਵਿਚ ਗੈਰ-ਜ਼ਮਾਨਤੀ ਧਾਰਾ 353 ਨੂੰ ਜੋੜ ਦਿੱਤਾ ਗਿਆ ਹੈ।