ਦਲਜੀਤ ਦੋਸਾਂਝ ਦੇ ਪਿੰਡ ‘ਚ ਸੁੱਤੇ ਪਏ ਨੌਜਵਾਨ ਨਾਲ ਵਾਪਰ ਗਿਆ ਭਾਣਾ, ਹੋਈ ਦਰਦਨਾਕ ਮੌਤ

0
301

ਜਲੰਧਰ, 4 ਅਕਤੂਬਰ | ਗੁਰਾਇਆ ਕਸਬੇ ਵਿਚ ਇੱਕ 26 ਸਾਲਾ ਨੌਜਵਾਨ ਨੂੰ ਸੱਪ ਨੇ ਡੰਗ ਲਿਆ, ਜਿਸ ਨਾਲ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ ਘਟਨਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪਿੰਡ ਦੋਸਾਂਝ ਕਲਾਂ ਦੀ ਹੈ। ਮ੍ਰਿਤਕ ਦੀ ਪਛਾਣ 26 ਸਾਲਾ ਸੁਖਦੇਵ ਸਿੰਘ ਵਾਸੀ ਪਿੰਡ ਦੋਸਾਂਝ ਕਲਾਂ, ਗੁਰਾਇਆ ਵਜੋਂ ਹੋਈ ਹੈ। ਬੀਤੀ ਰਾਤ ਉਸ ਨੂੰ ਸੱਪ ਨੇ ਡੰਗ ਲਿਆ ਸੀ। ਘਟਨਾ ਦੇ ਸਮੇਂ ਉਹ ਆਪਣੇ ਘਰ ‘ਚ ਸੌਂ ਰਿਹਾ ਸੀ। ਨੌਜਵਾਨ ਦੀ ਮੌਤ ਹੋ ਜਾਣ ਕਾਰਨ ਪਰਿਵਾਰ ਵਿਚ ਮਾਤਮ ਛਾ ਗਿਆ ਹੈ।

ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਨੂੰ ਜਦੋਂ ਸੱਪ ਨੇ ਡੰਗ ਲਿਆ ਤਾਂ ਪਰਿਵਾਰ ਵਾਲੇ ਉਸ ਨੂੰ ਤੁਰੰਤ ਕਪੂਰਥਲਾ ਦੇ ਫਗਵਾੜਾ ਸਿਵਲ ਹਸਪਤਾਲ ਲੈ ਗਏ ਅਤੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਡਾਕਟਰ ਉਸ ਦਾ ਇਲਾਜ ਕਰ ਰਹੇ ਸਨ ਤਾਂ ਸੁਖਦੇਵ ਸਿੰਘ ਦੀ ਹਾਲਤ ਵਿਗੜਨ ਲੱਗੀ। ਸਵੇਰੇ ਕਰੀਬ 5 ਵਜੇ ਸੁਖਦੇਵ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਤੁਰੰਤ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੁਖਦੇਵ ਸਿੰਘ ਦੇ ਭਰਾ ਦੀ ਵੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ ਹੈ। ਸੁਖਦੇਵ ਦੇ ਭਰਾ ਗੋਪੀ ਨੂੰ ਕਰੀਬ 14 ਮਹੀਨੇ ਪਹਿਲਾਂ ਸੱਪ ਨੇ ਡੰਗ ਲਿਆ ਸੀ, ਜਿਸ ਵਿਚ ਇਲਾਜ ਦੌਰਾਨ ਉਸ ਦੇ ਭਰਾ ਦੀ ਮੌਤ ਹੋ ਗਈ। ਹੁਣ ਸੁਖਦੇਵ ਦੀ ਵੀ ਇਸੇ ਤਰ੍ਹਾਂ ਮੌਤ ਹੋ ਗਈ ਹੈ।