ਪਹਿਲੇ ਗੇੜ ‘ਚ ਜਲੰਧਰ ਦੇ 3906 ਲੋਕਾਂ ਨੂੰ ਲੱਗੇਗੀ ਕੋਰੋਨਾ ਵੈਕਸੀਨ

0
2499

ਜਲੰਧਰ | ਕੋਰੋਨਾ ਦੀ ਵੈਕਸੀਨ ਬਣਨ ਤੋਂ ਬਾਅਦ ਕਿਸ ਤਰੀਕੇ ਨਾਲ ਇਹ ਲੋਕਾਂ ਨੂੰ ਲਗਾਈ ਜਾਵੇਗੀ ਇਸ ਦਾ ਪਲਾਨ ਜਲੰਧਰ ਪ੍ਰਸ਼ਾਸਨ ਨੇ ਬਣਾ ਲਿਆ ਹੈ।

ਐਡੀਸ਼ਨਲ ਡਿਪਟੀ ਕਮਿਸ਼ਨਰ (ਡੈਵਲਪਮੈਂਟ) ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ ਵੈਕਸੀਨ ਦੀ ਪਹਿਲੀ ਖੁਰਾਕ ਡਾਕਟਰਾਂ, ਨਰਸਿੰਗ ਅਤੇ ਲੈਬ ਸਟਾਫ, ਵਾਰਡ ਅਟੈਂਡੈਂਟ ਅਤੇ ਆਂਗਣਵਾੜੀ ਵਰਕਰਾਂ ਸਮੇਤ ਸਮੁੱਚੇ ਫਰੰਟਲਾਈਨ ਸਿਹਤ ਵਰਕਰਾਂ ਅਤੇ ਹੈਲਪਰਾਂ ਨੂੰ ਦਿੱਤੀ ਜਾਵੇਗੀ।

ਏਡੀਸੀ ਮੁਤਾਬਿਕ- ਸਿਹਤ ਵਿਭਾਗ ਕੋਲ ਸਮੁੱਚੀਆਂ ਸਰਕਾਰੀ ਸਿਹਤ ਸੰਸਥਾਵਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ 3906 ਹੈਲਥ ਕੇਅਰ ਵਰਕਰ ਹਨ। ਸੱਭ ਤੋਂ ਪਹਿਲਾਂ ਇਨ੍ਹਾਂ ਨੂੰ ਹੀ ਕੋਰੋਨਾ ਦੀ ਵੈਕਸੀਨ ਦਿੱਤੀ ਜਾਵੇਗੀ।

ਸਾਰੰਗਲ ਨੇ ਕਿਹਾ ਕਿ ਰਿਕਾਰਡ ਅਨੁਸਾਰ ਜਲੰਧਰ ਸ਼ਹਿਰ ਦੇ ਅਧਿਕਾਰ ਖੇਤਰ ਵਿੱਚ 156 ਪ੍ਰਾਈਵੇਟ ਸਿਹਤ ਸੰਸਥਾਵਾਂ ਹਨ ਅਤੇ ਇਨ੍ਹਾਂ ਹਸਪਤਾਲਾਂ ਵਿੱਚ ਵੱਡੀ ਗਿਣਤੀ ਵਿੱਚ ਕਰਮਚਾਰੀ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪ੍ਰਾਈਵੇਟ ਕਲੀਨਿਕ/ਨਰਸਿੰਗ ਹੋਮ ਵੀ ਹਨ।

ਡਾਕਟਰਾਂ/ਨਰਸਿੰਗ ਅਤੇ ਲੈਬ ਸਟਾਫ/ਵਾਰਡ ਅਟੈਂਡੈਂਟਾਂ/ਹੋਰ ਸਿਹਤ ਵਰਕਰਾਂ ਨੂੰ ‘ਵਰਦੀ ਤੋਂ ਬਿਨਾਂ ਸਿਪਾਹੀ’ ਬੁਲਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਪਿਛਲੇ 8 ਮਹੀਨਿਆਂ ਤੋਂ ਮਹਾਂਮਾਰੀ ਨਾਲ ਲੜ ਰਹੇ ਫਰੰਟਲਾਈਨ ਵਰਕਰਾਂ ਦੇ ਟੀਕਾਕਰਨ ਨੂੰ ਪਹਿਲ ਦੇਣ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗਾ।

ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ, ਡੀਐਮਸੀ ਡਾ. ਜੋਤੀ ਸ਼ਰਮਾ ਅਤੇ ਹੋਰ ਮੌਜੂਦ ਸਨ।