ਜਲੰਧਰ ਦੀ ਕੋਲਡ ਸਟੋਰ ਫੈਕਟਰੀ ‘ਚ ਗੈਸ ਲੀਕ ਦੀ ਫੈਲੀ ਬਦਬੂ, ਦਹਿਸ਼ਤ ਨਾਲ ਲੋਕ ਘਰੋਂ ਆਏ ਬਾਹਰ

0
106

ਜਲੰਧਰ | ਸ਼ਹਿਰ ਦੇ ਨਿਊ ਦਸਮੇਸ਼ ਨਗਰ ‘ਚ ਦੇਰ ਰਾਤ ਰਿਹਾਇਸ਼ੀ ਇਲਾਕੇ ‘ਚ ਬਣੀ ਕੋਲਡ ਸਟੋਰ ਫੈਕਟਰੀ ‘ਚੋਂ ਗੈਸ ਲੀਕ ਹੋਣ ਦੀ ਬਦਬੂ ਫੈਲਦਿਆਂ ਹੀ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਫੈਕਟਰੀ ‘ਚ ਗੈਸ ਲੀਕ ਹੋਣ ਦੀ ਸੂਚਨਾ ‘ਤੇ ਇਲਾਕਾ ਨਿਵਾਸੀ ਘਰਾਂ ਤੋਂ ਬਾਹਰ ਆ ਗਏ। ਇਲਾਕਾ ਨਿਵਾਸੀ ਅਜੈ ਰਾਣਾ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਬੰਦ ਕਰਕੇ ਵਾਪਸ ਘਰ ਆ ਰਿਹਾ ਸੀ, ਜਦੋਂ ਉਹ ਘਰ ਦੇ ਕੋਲ ਕੋਲਡ ਸਟੋਰ ਨੇੜਿਓਂ ਲੰਘਿਆ ਤਾਂ ਇਸ ਦੌਰਾਨ ਉਸ ਨੂੰ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ।

ਉਥੇ ਕੁਝ ਬੱਚੇ ਮੌਜੂਦ ਸਨ, ਜਿਨ੍ਹਾਂ ਨੂੰ ਉਸ ਨੇ ਗਲੀ ਤੋਂ ਬਾਹਰ ਭੇਜ ਦਿੱਤਾ ਤਾਂ ਜੋ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਫੈਕਟਰੀ ਵਿਚ ਗੈਸ ਲੀਕ ਹੋਈ ਹੋਵੇ। ਇਸ ਤੋਂ ਪਹਿਲਾਂ ਵੀ 2 ਤੋਂ 3 ਵਾਰ ਗੈਸ ਲੀਕ ਹੋ ਚੁੱਕੀ ਹੈ, ਜਿਸ ਸਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਕਿ ਰਿਹਾਇਸ਼ੀ ਖੇਤਰ ਵਿਚ ਕੋਈ ਫੈਕਟਰੀ ਨਹੀਂ ਹੋਣੀ ਚਾਹੀਦੀ ਪਰ ਕੋਈ ਕਾਰਵਾਈ ਨਹੀਂ ਹੋਈ।

ਦੂਜੇ ਪਾਸੇ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਫ਼ੈਕਟਰੀ ਦੇ ਅੰਦਰ ਜਾ ਕੇ ਜਾਂਚ ਕੀਤੀ ਅਤੇ ਸਬੰਧਿਤ ਥਾਣਿਆਂ ਦੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੈਕਟਰੀ ਵਿਚ ਮੌਜੂਦ ਮੁਲਾਜ਼ਮਾਂ ਨੇ ਦੱਸਿਆ ਕਿ ਗੈਸ ਲੀਕ ਨਹੀਂ ਹੋਈ ਹੈ। ਉਨ੍ਹਾਂ ਦਾ ਪਲਾਂਟ ਠੀਕ ਚੱਲ ਰਿਹਾ ਹੈ ਅਤੇ ਜੋ ਬਦਬੂ ਆ ਰਹੀ ਹੈ, ਉਹ ਸੀਵਰੇਜ ਜਾਂ ਗਟਰ ਵਿਚੋਂ ਆ ਰਹੀ ਹੈ।

ਵੇਖੋ ਵੀਡੀਓ