ਨਿਊਜ਼ ਡੈਸਕ| ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ (UNFPA) ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤ ਅਤੇ ਚੀਨ ਦੀ ਅਬਾਦੀ ਵਿਚਕਾਰ ਲਗਭਗ 2.9 ਮਿਲੀਅਨ ਦਾ ਅੰਤਰ ਹੋਇਆ ਹੈ। ਇਸ ਦੇ ਨਾਲ ਹੀ ਅੰਕੜਿਆਂ ਅਨੁਸਾਰ ਭਾਰਤ ਦੀ ਆਬਾਦੀ 142 ਕਰੋੜ 86 ਲੱਖ ਹੈ। ਦੂਜੇ ਪਾਸੇ ਚੀਨ ਦੀ ਆਬਾਦੀ ਸਿਰਫ਼ 142 ਕਰੋੜ 57 ਲੱਖ ਹੈ।
ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਭਾਰਤ ਦੀ ਆਬਾਦੀ ਵਿੱਚ ਇੱਕ ਸਾਲ ਵਿੱਚ 1.56 ਫੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ ‘ਚ ਨਵੇਂ ਅੰਕੜੇ ‘ਜਨਸੰਖਿਆ ਸੂਚਕਾਂ’ ਦੀ ਸ਼੍ਰੇਣੀ ‘ਚ ਦਿੱਤੇ ਗਏ ਹਨ। ਸੰਯੁਕਤ ਰਾਸ਼ਟਰ 1950 ਤੋਂ ਦੁਨੀਆ ਵਿੱਚ ਆਬਾਦੀ ਦੇ ਅੰਕੜੇ ਜਾਰੀ ਕਰ ਰਿਹਾ ਹੈ। ਉਸ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਆਬਾਦੀ ਦੇ ਮਾਮਲੇ ਵਿੱਚ ਚੀਨ ਨੂੰ ਪਿੱਛੇ ਛੱਡਿਆ ਹੈ। ਪਿਛਲੇ ਸਾਲ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਪਿਛਲੇ 6 ਦਹਾਕਿਆਂ ਵਿੱਚ ਪਹਿਲੀ ਵਾਰ ਚੀਨ ਦੀ ਆਬਾਦੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ 25% ਲੋਕ 14 ਸਾਲ ਤੱਕ ਦੀ ਉਮਰ ਦੇ ਹਨ। 10-19 ਸਾਲ ਦੀ ਉਮਰ ਦੇ 18% ਲੋਕ ਹਨ। 10-24 ਸਾਲ ਤੱਕ ਦੇ ਲੋਕਾਂ ਦੀ ਗਿਣਤੀ 26% ਹੈ, ਫਿਰ 15-64 ਸਾਲ ਦੇ ਵਿਚਕਾਰ ਲਗਭਗ 68% ਲੋਕ ਹਨ। ਯਾਨੀ ਭਾਰਤ ਵਿੱਚ ਨੌਜਵਾਨਾਂ ਦੀ ਸਭ ਤੋਂ ਵੱਧ ਗਿਣਤੀ ਹੈ। ਪਰ ਚੀਨ ਵਿੱਚ ਬਜ਼ੁਰਗਾਂ ਦੀ ਗਿਣਤੀ ਸਭ ਤੋਂ ਵੱਧ ਹੈ। ਚੀਨ ਵਿੱਚ 20 ਕਰੋੜ ਲੋਕ 65 ਸਾਲ ਤੋਂ ਵੱਧ ਉਮਰ ਦੇ ਹਨ। UNFPA ਭਾਰਤ ਦੇ ਪ੍ਰਤੀਨਿਧੀ ਨੇ ਕਿਹਾ ਕਿ ਹੁਣ ਵਿਸ਼ਵ ਦੀ ਆਬਾਦੀ 8 ਅਰਬ ਤੱਕ ਪਹੁੰਚ ਗਈ ਹੈ।
ਅੰਕੜੇ ਜਾਰੀ ਕਰਨ ਤੋਂ ਬਾਅਦ, UNFPA ਦੀ ਮੀਡੀਆ ਸਲਾਹਕਾਰ ਅੰਨਾ ਜੇਫਰੀਜ਼ ਨੇ ਕਿਹਾ – ਇਹ ਸਪੱਸ਼ਟ ਨਹੀਂ ਹੈ ਕਿ ਭਾਰਤ ਦੀ ਆਬਾਦੀ ਕਦੋਂ ਚੀਨ ਨੂੰ ਪਛਾੜ ਗਈ। ਦੋਵਾਂ ਦੇਸ਼ਾਂ ਦੇ ਅੰਕੜੇ ਜਾਰੀ ਕਰਨ ਦੇ ਸਮੇਂ ਵਿੱਚ ਬਹੁਤ ਵੱਡਾ ਅੰਤਰ ਹੈ, ਇਸ ਲਈ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ।