ਚੰਡੀਗੜ੍ਹ, 1 ਦਸੰਬਰ | ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੀਰਵਾਰ ਨੂੰ ਮੀਂਹ ਪਿਆ। ਇਸ ਨਾਲ ਦਿਨ ਦਾ ਤਾਪਮਾਨ 6.3 ਡਿਗਰੀ ਸੈਲਸੀਅਸ ਹੇਠਾਂ ਡਿੱਗਿਆ। ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸ ਨਾਲ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ। ਹਾਲਾਂਕਿ ਇਸ ਦੌਰਾਨ ਮੌਸਮ ਖੁਸ਼ਕ ਬਣਿਆ ਰਹੇਗਾ। ਰਾਤ ਦੇ ਤਾਪਮਾਨ ਵਿਚ 2 ਤੋਂ 3 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਜਾ ਸਕਦੀ ਹੈ।
ਪੰਜਾਬ ਵਿਚ ਮੀਂਹ ਨਾਲ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਸੂਬੇ ਵਿਚ ਠੰਡ ਨੇ ਜ਼ੋਰ ਫੜ ਲਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੀ ਆਸਮਾਨ ‘ਚ ਬੱਦਲ ਛਾਏ ਰਹਿਣਗੇ। ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਤੇ ਘੱਟ ਤੋਂ ਘੱਟ 13 ਡਿਗਰੀ ਦਰਜ ਕੀਤਾ ਜਾਵੇਗਾ।
ਮੋਹਾਲੀ ‘ਚ 39.5, ਰੋਪੜ ‘ਚ 45.5, ਐੱਸਬੀਐੱਸ ਨਗਰ ‘ਚ 21.5, ਜਲੰਧਰ ‘ਚ 5.5, ਫਿਰੋਜ਼ਪੁਰ ‘ਚ 0.5, ਲੁਧਿਆਣਾ ‘ਚ 8.0 ਤੇ ਪਟਿਆਲਾ ‘ਚ 6.0 ਐੱਮਐੱਮ ਮੀਂਹ ਪਿਆ। ਜ਼ਿਆਦਾਤਰ ਤਾਪਮਾਨ ਸਾਧਾਰਨ ਤੋਂ 2.5 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ। ਸਭ ਤੋਂ ਜ਼ਿਆਦਾ 26 ਡਿਗਰੀ ਸੈਲਸੀਅਸ ਤਾਪਮਾਨ ਲੁਧਿਆਣਾ ਦਾ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਤਾਪਮਾਨ 21, ਪਟਿਆਲਾ ਦਾ 19.6, ਬਰਨਾਲਾ ਦਾ 19.2, ਜਲੰਧਰ ਦਾ 17.9, ਫਿਰੋਜ਼ਪੁਰ ਦਾ 20.8, ਮੋਗੇ ਦਾ 19.8, ਮੋਹਾਲੀ ਦਾ 17.3 ਤੇ ਰੋਪੜ ਦਾ 15.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।