ਲੁਧਿਆਣਾ/ਖੰਨਾ, 17 ਅਕਤੂਬਰ | ਵੀਰਵਾਰ ਸਵੇਰੇ ਖੰਨਾ ਦੇ ਪਿੰਡ ਘੁਡਾਣੀ ‘ਚ 2 ਹਮਲਾਵਰਾਂ ਨੇ ਇਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਨੌਜਵਾਨ ਵੇਰਕਾ ਦੁੱਧ ਦੀ ਡੇਅਰੀ ‘ਤੇ ਆਇਆ ਸੀ, ਉਸੇ ਸਮੇਂ ਹਮਲਾਵਰ ਉਥੇ ਆ ਗਏ। ਹਮਲਾਵਰਾਂ ਨੇ ਪਹਿਲਾਂ ਅੱਖਾਂ ਵਿਚ ਮਿਰਚਾਂ ਪਾਈਆਂ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਗੰਭੀਰ ਜ਼ਖਮੀ ਨੌਜਵਾਨ ਨੂੰ ਪਹਿਲਾਂ ਪਾਇਲ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਉਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਖੰਨਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਮਨਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਗੁਆਂਢ ‘ਚ ਰਹਿਣ ਵਾਲੇ ਨੌਜਵਾਨ ਨਸ਼ੇ ਕਰਨ ਦੇ ਨਾਲ-ਨਾਲ ਨਸ਼ਾ ਵੀ ਵੇਚਦੇ ਹਨ। ਉਸ ਨੂੰ ਕਈ ਵਾਰ ਰੋਕਿਆ ਪਰ ਉਹ ਨਹੀਂ ਰੁੱਕੇ।
ਇਕ ਵਾਰ ਉਸ ਦੀ ਭੈਣ ਨਾਲ ਛੇੜਛਾੜ ਕੀਤੀ ਗਈ। ਇਸ ਤੋਂ ਬਾਅਦ ਵੀ ਕਈ ਝਗੜੇ ਹੋਏ। ਕਦੇ ਪੰਚਾਇਤ ਵਿਚ ਤੇ ਕਦੇ ਥਾਣੇ ਵਿਚ ਰਾਜ਼ੀਨਾਮਾ ਹੋਇਆ। ਅੱਜ ਸਵੇਰੇ ਜਦੋਂ ਉਹ ਡੇਅਰੀ ’ਤੇ ਗਿਆ ਤਾਂ ਉਸ ਦੀਆਂ ਅੱਖਾਂ ’ਚ ਮਿਰਚਾਂ ਪਾ ਦਿੱਤੀਆਂ ਗਈਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਪਾਇਲ ਥਾਣੇ ਦੇ ਐਸਐਚਓ ਸੰਦੀਪ ਕੁਮਾਰ ਨੇ ਦੱਸਿਆ ਕਿ ਨਿੱਜੀ ਰੰਜਿਸ਼ ਕਾਰਨ ਇਹ ਹਮਲਾ ਕੀਤਾ ਗਿਆ ਹੈ। ਇਸ ਵਿਚ ਕੋਈ ਵੀ ਨਸ਼ਾ ਕਰਨ ਵਾਲੀ ਗੱਲ ਨਹੀਂ ਹੈ। ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ। ਜ਼ਖ਼ਮੀ ਮਨਵੀਰ ਸਿੰਘ ਦੇ ਬਿਆਨ ਦਰਜ ਕਰਕੇ ਐਫਆਈਆਰ ਦਰਜ ਕੀਤੀ ਜਾਵੇਗੀ।