ਹੁਸ਼ਿਆਰਪੁਰ ‘ਚ ਰੇਲਵੇ ਕਰਮਚਾਰੀ ਨੇ ਪਤਨੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ, ਸੱਸ-ਸਹੁਰੇ ਨੂੰ ਵੀ ਕੀਤਾ ਜ਼ਖਮੀ

0
1931

ਹੁਸ਼ਿਆਰਪੁਰ (ਅਮਰੀਕ ਕੁਮਾਰ) | ਨਜ਼ਦੀਕੀ ਪਿੰਡ ਬਘੌਰਾ ਵਿਖ਼ੇ ਮਾਹਿਲਪੁਰ ਤੋਂ ਸ਼ਿਫਟ ਹੋ ਕੇ ਰਹਿੰਦੇ ਇੱਕ ਪਰਿਵਾਰ ਦੇ ਜਵਾਈ ਨੇ ਸਹੁਰੇ ਘਰ ਦਾਖ਼ਲ ਹੋ ਕੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਜਵਾਈ ਨੇ ਸੱਸ ਸਹੁਰੇ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ। ਜਦੋਂ ਅਰੋਪੀ ਵਾਰਦਾਤ ਤੋਂ ਬਾਅਦ ਘਰੋਂ ਭੱਜ ਰਿਹਾ ਸੀ ਤਾਂ ਪਿੰਡ ਵਾਸੀਆਂ ਨੇ ਘੇਰਾ ਪਾ ਕੇ ਉਸ ਨੂੰ ਖੂਬ ਕੁਟਾਪਾ ਚਾੜਿਆ ਅਤੇ ਮਾਹਿਲਪੁਰ ਪੁਲਿਸ ਹਵਾਲੇ ਕਰ ਦਿੱਤਾ।

ਮ੍ਰਿਤਕਾ ਦੇ ਭਰਾ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਆਸ਼ਾ ਰਾਣੀ (50) ਦਾ ਵਿਆਹ 35 ਸਾਲ ਪਹਿਲਾਂ ਫ਼ਗਵਾੜਾ ਦੇ ਹਰਦੀਪ ਕੁਮਾਰ ਨਾਲ ਹੋਇਆ ਸੀ। ਉਹ ਰੇਲਵੇ ‘ਚ ਨੌਕਰੀ ਕਰਦਾ ਹੈ। ਹਰਦੀਪ ਅਕਸਰ ਹੀ ਮਾਮੂਲੀ ਗੱਲਾਂ ‘ਤੇ ਆਸ਼ਾ ਨਾਲ ਝਗੜਾ ਕਰਕੇ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਕਈ ਵਾਰ ਪੁਲਿਸ ਅਤੇ ਪੰਚਾਇਤੀ ਰਾਜੀਨਾਮੇ ਵੀ ਹੋਏ| 2003 ਵਿਚ ਵੀ ਉਸ ਨੇ ਆਪਣੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਉਨ੍ਹਾਂ ਦੱਸਿਆ ਕਿ 9 ਫ਼ਰਵਰੀ 2021 ਨੂੰ ਵੀ ਜਵਾਈ ਨੇ ਆਸ਼ਾ ਰਾਣੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੂੰ ਆਪ ਹੀ ਹਸਪਤਾਲ ਲੈ ਗਿਆ ਅਤੇ ਜਿੱਥੋਂ ਉਸ ਨੇ ਅਫ਼ਵਾਹ ਉਡਾ ਦਿੱਤਾ ਕਿ ਆਸ਼ਾ ਰਾਣੀ ਹਸਪਤਾਲ ‘ਚੋਂ ਦੌੜ ਗਈ ਹੈ। ਅਸੀਂ ਸੋਸ਼ਲ ਮੀਡੀਆ ‘ਤੇ ਆਸ਼ਾ ਰਾਣੀ ਨੂੰ ਲੱਭਣ ਲਈ ਬੇਨਤੀਆਂ ਕੀਤੀਆਂ ਤਾਂ ਤਿੰਨ ਦਿਨ ਬਾਅਦ ਕਿਸੇ ਦੇ ਫ਼ੋਨ ਤੋਂ ਉਨ੍ਹਾਂ ਨੂੰ ਆਸ਼ਾ ਦਾ ਪਤਾ ਲੱਗਾ। ਫਿਰ ਉਸ ਨੂੰ ਅਸੀਂ ਜ਼ਖ਼ਮੀ ਹਾਲਤ ‘ਚ ਲੈ ਕੇ ਆਏ ਅਤੇ ਇਲਾਜ ਕਰਵਾਇਆ। ਫ਼ਗਵਾੜਾ ਪੁਲਿਸ ਨੇ ਇਰਾਦਾ ਕਤਲ ਦਾ ਮਾਮਲਾ ਵੀ ਦਰਜ਼ ਕੀਤਾ ਸੀ।

ਉਸ ਤੋਂ ਬਾਅਦ ਲੜਕੀ ਬਘੌਰਾ ਪਿੰਡ ਵਿਚ ਆਪਣੇ ਪੇਕੇ ਪਰਿਵਾਰ ‘ਚ ਰਹਿ ਰਹੀ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 11 ਵਜੇ ਦੇ ਕਰੀਬ ਘਰ ਦੀਆਂ ਦੋ ਔਰਤਾਂ ਬਾਜ਼ਾਰ ਗਈਆਂ ਹੋਈਆਂ ਸਨ। ਹਰਦੀਪ ਕੁਮਾਰ ਆਪਣੇ ਮੋਟਰਸਾਈਕਲ ‘ਤੇ ਆਇਆ ਅਤੇ ਕ੍ਰਿਪਾਨਾ ਨਾਲ ਆਸ਼ਾ ਰਾਣੀ ਦੇ ਸਿਰ ਅਤੇ ਸਰੀਰ ਉੱਤੇ ਵਾਰ ਕੀਤੇ। ਆਸ਼ਾ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

ਸਹੁਰੇ ਬਿਸ਼ਨਪਾਲ ਅਤੇ ਸੱਸ ਸੁਦਰਸ਼ਨਾ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ‘ਤੇ ਵੀ ਕ੍ਰਿਪਾਨਾ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਘਰ ਦੀਆਂ ਬਾਕੀ ਦੋ ਔਰਤਾਂ ਬਜਾਰੋਂ ਵਾਪਸ ਆਈਆਂ ਤਾਂ ਉਸ ਨੇ ਉਨ੍ਹਾਂ ‘ਤੇ ਵੀ ਹਮਲਾ ਕੀਤਾ। ਗੁਆਂਢੀਆਂ ਦੇ ਘਰ ਵਿਚ ਲੁਕ ਕੇ ਬਚੀਆਂ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜਦੋਂ ਦੋਸ਼ੀ ਕ੍ਰਿਪਾਨ ਮੋਢੇ ‘ਤੇ ਰੱਖ਼ ਜਦੋਂ ਬਾਹਰ ਆਇਆ ਤਾਂ ਲੋਕਾਂ ਨੇ ਘੇਰਾ ਪਾ ਕੇ ਉਸ ਨੂੰ ਕਾਬੂ ਕਰਕੇ ਉਸ ਦੀ ਖ਼ੂਬ ਕੁੱਟਮਾਰ ਕਰਕੇ ਉਸ ਨੂੰ ਰੱਸੀ ਨਾਲ ਬੰਨ ਲਿਆ।

ਮੌਕੇ ‘ਤੇ ਪਹੁੰਚੇ ਏਸੀਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਅਰੋਪੀ ਪੁਲਿਸ ਗ੍ਰਿਫਤ ਵਿੱਚ ਹੈ। ਉਸ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰ ਉਸ ਨੇ ਅਜਿਹਾ ਕਿਉਂ ਕੀਤਾ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )