ਅੰਮ੍ਰਿਤਸਰ, 26 ਅਕਤੂਬਰ| ਕੱਲ ਦੇਰ ਰਾਤ ਜੌੜਾ ਫਾਟਕ ਕਲਰਾਂ ਦੇ ਕੋਲ ਸ਼ਰਾਬ ਦੇ ਠੇਕੇ ‘ਤੇ ਲੁੱਟ ਦੀ ਨੀਅਤ ਨਾਲ ਲੁਟੇਰਿਆਂ ਵੱਲੋਂ ਠੇਕੇ ਤੇ ਮੁਲਾਜ਼ਮਾਂ ‘ਤੇ ਹਮਲਾ ਕੀਤਾ ਗਿਆ| ਇਸ ਮੌਕੇ ਸ਼ਰਾਬ ਦੇ ਠੇਕੇ ਦੇ ਠੇਕੇਦਾਰ ਰਵੀ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਠੇਕੇ ‘ਤੇ ਲੁਟੇਰਿਆਂ ਨੇ ਹਮਲਾ ਕੀਤਾ ਹੈ ਤੇ ਸ਼ਰਾਬ ਦੇ ਠੇਕੇ ‘ਤੇ ਸਾਡੇ ਮੁਲਾਜ਼ਮ ‘ਤੇ ਦਾਤਰਾਂ ਨਾਲ ਹਮਲਾ ਕਰਕੇ ਉਹਨੂੰ ਜ਼ਖਮੀ ਕਰ ਦਿੱਤਾ ਗਿਆ ਹੈ।
ਅਸੀਂ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ। ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜ ਰਹੇ ਹਨ। ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜੇ ਅਸੀਂ ਜਾਂਚ ਨਹੀਂ ਕੀਤੀ ਕਿ ਲੁੱਟ ਕਿੰਨੇ ਦੀ ਹੋਈ ਹੈ। ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਲੁਟੇਰਿਆਂ ਵੱਲੋਂ ਕਿੰਨੇ ਦੀ ਲੁੱਟ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲਾਗੇ ਆਲੇ ਦੁਆਲੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ। ਉਸ ਤੋਂ ਵੀ ਪਤਾ ਲੱਗ ਸਕੇਗਾ ਕਿ ਕਿੰਨੇ ਲੋਕਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਇਲਾਕੇ ਦੇ ਲੋਕਾਂ ਨੇ ਵੀ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਇਲਾਕੇ ਵਿੱਚ ਆਏ ਦਿਨ ਲੁਟੇਰਿਆਂ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਨਸ਼ਾ ਦਿਨ ਰਾਤ ਵੱਧ ਤੋਂ ਵੱਧ ਵਿਕ ਰਿਹਾ ਹੈ। ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਕੋਈ ਵੀ ਪੁੱਛਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਰੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਈ ਵਾਰ ਕਹਿ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਤੇ ਨਾ ਹੀ ਕੋਈ ਪੁਲਿਸ ਅਧਿਕਾਰੀ ਇਸ ਇਲਾਕੇ ਵਿੱਚ ਵੜਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਸਾਡੇ ਇਲਾਕੇ ਵਿੱਚ ਇੱਕ ਦਿਨ ਦੇ ਵਿੱਚ ਛੇ ਦੇ ਕਰੀਬ ਵਾਰਦਾਤਾਂ ਹੋ ਚੁੱਕੀਆਂ ਹਨ। ਉੱਥੇ ਹੀ ਇੱਕ ਮੋਟਰਸਾਈਕਲ ਸਵਾਰ ਦਾ ਮੋਟਰਸਾਈਕਲ ਖੋਹ ਕੇ ਉਸ ਨੂੰ ਦਾਤਰਾਂ ਨਾਲ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤੀ ਪਰ ਪੁਲਿਸ ਅਧਿਕਾਰੀ ਅਜੇ ਤੱਕ ਮੌਕੇ ‘ਤੇ ਨਹੀਂ ਪੁੱਜੇ। ਉਨ੍ਹਾਂ ਕਿਹਾ ਕਿ ਪਹਿਲੋਂ ਇਲਾਕੇ ਦੇ ਵਿੱਚ ਪੁਲਿਸ ਚੌਕੀ ਹੁੰਦੀ ਸੀ ਤੇ ਲੁਟੇਰਿਆਂ ਨੂੰ ਪੁਲਿਸ ਦਾ ਡਰ ਖੌਫ ਰਹਿੰਦਾ ਸੀ ।ਜਦੋਂ ਦੀ ਪੁਲਿਸ ਚੌਕੀ ਚੁੱਕੀ ਗਈ ਹੈ ਲੁਟੇਰਿਆਂ ਦੇ ਮਨ ਵਿੱਚ ਕੋਈ ਡਰ ਖੌਫ ਨਹੀਂ ਰਿਹਾ।
ਉੱਥੇ ਹੀ ਮੌਕੇ ਟਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਠੇਕੇ ‘ਤੇ ਪੁੱਜੇ ਹਾਂ। ਅਸੀਂ ਆ ਕੇ ਵੇਖਿਆ ਕਿ ਠੇਕੇ ‘ਤੇ ਲੱਗੇ ਮੁਲਾਜ਼ਮ ਦੇ ਮੱਥੇ ‘ਤੇ ਸੱਟ ਲੱਗੀ ਹੋਈ ਹੈ। ਜਿਹੜੇ ਬੰਦਿਆਂ ਵਲੋਂ ਸੱਟਾਂ ਲਗਾਈਆਂ ਗਈਆਂ ਹਨ, ਉਹ ਠੇਕੇ ਵਾਲੇ ਮੁਲਾਜ਼ਮਾਂ ਦੇ ਜਾਣ ਪਛਾਣਦੇ ਹਨ।
ਅਸੀਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋ ਵੀ ਬਣਦੀ ਕਾਰਵਾਈ ਹੋਈ, ਉਹ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੀੜਤ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।