ਜਲੰਧਰ | ਪੰਜਾਬ ਸਰਕਾਰ ਵਲੋਂ 16 ਦਸੰਬਰ ਨੂੰ ਇਥੇ ਕਰਵਾਏ ਜਾਣ ਵਾਲੇ ਐਨ.ਆਰ.ਆਈਜ਼ ਪੰਜਾਬੀਆਂ ਨਾਲ ਮਿਲਣੀ ਪ੍ਰੋਗਰਾਮ ਲਈ ਜ਼ਿਲਾ ਪ੍ਰਸ਼ਾਸਨ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ। ਡਵੀਜ਼ਨਲ ਕਮਿਸ਼ਨਰ-ਕਮ-ਚੇਅਰਮੈਨ ਐਨ.ਆਰ.ਆਈ. ਸਭਾ ਗੁਰਪ੍ਰੀਤ ਕੌਰ ਸਪਰਾ ਨੇ ਇਸ ਸਬੰਧੀ ਦੱਸਿਆ ਕਿ ਐਨ.ਆਰ.ਆਈ ਪੰਜਾਬੀਆਂ ਨਾਲ ਮਿਲਣੀ ਪ੍ਰੋਗਰਾਮ ਤਹਿਤ ਸਾਰੇ ਸੰਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਇਕੋ ਥਾਂ ‘ਤੇ ਮੌਜੂਦ ਰਹਿਣਗੇ, ਜਿਥੇ ਉਹ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਗੌਰ ਨਾਲ ਸੁਣਨ ਉਪਰੰਤ ਢੁਕਵੇਂ ਅਤੇ ਛੇਤੀ ਹੱਲ ਲਈ ਪ੍ਰਕਿਰਿਆ ਅਮਲ ਵਿਚ ਲਿਆਉਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾਣ ਵਾਲੀਆਂ ਇਨ੍ਹਾਂ ਪੰਜ ਮਿਲਣੀਆਂ ‘ਚੋਂ ਪਹਿਲੀ ਮਿਲਣੀ 16 ਦਸੰਬਰ ਨੂੰ ਜਲੰਧਰ-ਕਰਤਾਰਪੁਰ ਹਾਈਵੇ ‘ਤੇ ਨੈਸ਼ਨਲ ਇੰਸਟੀਚਿਊਚ ਆਫ ਟੈਕਨਾਲੋਜੀ ਨੇੜੇ ਸਥਿਤ ਸੇਂਟ ਸੋਲਜਰ ਕੈਂਪਸ ਵਿਖੇ ਹੋਵੇਗੀ।
ਐਨ.ਆਰ.ਆਈ ਪੰਜਾਬੀਆਂ ਨਾਲ ਮਿਲਣੀ ਪ੍ਰੋਗਰਾਮ ਵਿਚ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਵੱਖ-ਵੱਖ ਦੇਸ਼ਾਂ ਤੋਂ ਆਏ ਪੰਜਾਬੀਆਂ ਨਾਲ ਵਿਚਾਰ-ਵਟਾਂਦਰਾ ਕਰਨਗੇ। ਡਵੀਜ਼ਨਲ ਕਮਿਸ਼ਨਰ ਨੇ ਦੱਸਿਆ ਕਿ 16 ਦਸੰਬਰ ਨੂੰ ਸਵੇਰੇ 11 ਵਜੇ ਤੋਂ ਮਿਲਣੀ ਪ੍ਰੋਗਰਾਮ ਸ਼ੁਰੂ ਹੋਵੇਗਾ, ਜਿਥੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਪ੍ਰਮੁੱਖ ਸਕੱਤਰ ਜੇ ਬਾਲਾਮੁਰੁਗਨ, ਐਨ.ਆਰ.ਆਈ ਵਿੰਗ ਦੇ ਏ.ਡੀ.ਜੀ.ਪੀ. ਪ੍ਰਵੀਨ ਕੁਮਾਰ ਸਿਨ੍ਹਾ ਤੋਂ ਇਲਾਵਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀਜ਼ ਤੇ ਹੋਰ ਅਧਿਕਾਰੀ ਵੀ ਮੌਜੂਦ ਰਹਿਣਗੇ। ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਅਤੇ ਸ਼ਿਕਾਇਤਾਂ ਦੇ ਤੁਰੰਤ ਅਤੇ ਤਸੱਲੀਬਖਸ਼ ਢੰਗ ਨਾਲ ਨਿਪਟਾਰੇ ਲਈ ਜਲੰਧਰ ਤੋਂ ਇਲਾਵਾ 19 ਦਸੰਬਰ ਨੂੰ ਐਸਏਐਸ ਨਗਰ ਮੁਹਾਲੀ, 23 ਦਸੰਬਰ ਨੂੰ ਲੁਧਿਆਣਾ, 26 ਦਸੰਬਰ ਨੂੰ ਮੋਗਾ ਅਤੇ 20 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਇਹ ਮਿਲਣੀ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤਾਂ ਜੋ ਐਨਆਰ ਆਈਜ਼ ਦੇ ਮਸਲਿਆਂ ‘ਤੇ ਫੌਰੀ ਹੱਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜਲੰਧਰ ਵਿਖੇ 16 ਦਸੰਬਰ ਨੂੰ ਸਵੇਰੇ 10.30 ਵਜੇ ਪ੍ਰਵਾਸੀ ਪੰਜਾਬੀਆਂ ਦੀ ਰਜਿਸਟਰੇਸ਼ਨ ਸ਼ੁਰੂ ਹੋਵੇਗੀ। ਡਵੀਜ਼ਨਲ ਕਮਿਸ਼ਨਰ ਨੇ ਦੋਆਬਾ ਖੇਤਰ ਨਾਲ ਸੰਬੰਧਤ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਐਨ.ਆਰ.ਆਈਜ਼ ਇਸ ਮਿਲਣੀ ਵਿਚ ਪਹੁੰਚ ਕੇ ਸੰਬੰਧਤ ਅਧਿਕਾਰੀਆਂ ਦੇ ਸਨਮੁੱਖ ਆਪਣੇ ਮਸਲੇ ਅਤੇ ਸੁਝਾਅ ਰੱਖਣ ਤਾਂ ਜੋ ਬਣਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾ ਸਕੇ।
ਪ੍ਰਵਾਸੀ ਭਾਰਤੀਆਂ ਨਾਲ ਮਿਲਣੀ ਪ੍ਰੋਗਰਾਮ ਬਾਰੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਐਨ.ਆਰ.ਆਈ ਪੰਜਾਬ ਸਰਕਾਰ ਦੇ ਪੋਰਟਲ https://eservices.punjab.gov.in/ ਰਾਹੀਂ ਆਨਲਾਈਨ ਜਾਂ ਮੌਕੇ ‘ਤੇ ਜ਼ਿਲਾ ਪ੍ਰਸ਼ਾਸਨ ਵਲੋਂ ਲਾਏ ਜਾਣ ਵਾਲੇ ਕਾਊਟਰਾਂ ‘ਤੇ ਵੀ ਰਜਿਸਟਰੇਸ਼ਨ ਕਰਾ ਸਕਦੇ ਹਨ।