ਚੰਡੀਗੜ੍ਹ, 13 ਜਨਵਰੀ | ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਲੋਕ ਸਭਾ ਚੋਣਾਂ ਲਈ ਦੇਰ ਰਾਤ ਤਕ ਸੀਟਾਂ ਦੀ ਵੰਡ ‘ਤੇ ਚਰਚਾ ਕੀਤੀ। ਸੂਤਰਾਂ ਮੁਤਾਬਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਇਕੱਠੇ ਚੋਣ ਲੜਨ ਦਾ ਸਮਝੌਤਾ ਹੋ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਅਤੇ ਗੁਜਰਾਤ ਦੀਆਂ ਸੀਟਾਂ ‘ਤੇ ਇਕੱਠੇ ਲੜਨ ਦੀ ਵੀ ਚਰਚਾ ਚੱਲ ਰਹੀ ਹੈ।
ਮੀਟਿੰਗ ਮਗਰੋਂ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਆਪਕ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ‘ਇੰਡੀਆ’ ਗਠਜੋੜ ਨੂੰ ਹੋਰ ਮਜ਼ਬੂਤ ਕਰਨ ਲਈ ਸਾਰੇ ਮਿਲ ਕੇ ਅੱਗੇ ਵਧਣਗੇ। ਸੀਟਾਂ ਦੀ ਵੰਡ ਬਾਰੇ ਗੱਲਬਾਤ ਕਰਨ ਲਈ ਬਣਾਈ ਕਾਂਗਰਸ ਕਮੇਟੀ ਦੇ ਮੈਂਬਰ ਖੁਰਸ਼ੀਦ ਨੇ ਪਾਰਟੀ ਦੇ ਸੀਨੀਅਰ ਆਗੂ ਮੁਕੁਲ ਵਾਸਨਿਕ ਦੇ ਘਰ ਆਗੂਆਂ ਦੀ ਗੱਲਬਾਤ ਵਿਚ ਹਿੱਸਾ ਲਿਆ। ਇਹ ਮੁਲਾਕਾਤ 2 ਘੰਟੇ ਤੋਂ ਵੱਧ ਚੱਲੀ। ‘ਆਪ’ ਨੇਤਾਵਾਂ ਰਾਘਵ ਚੱਢਾ, ਆਤਿਸ਼ੀ, ਸੰਦੀਪ ਪਾਠਕ ਅਤੇ ਸੌਰਵ ਭਾਰਦਵਾਜ ਨੇ ਚਰਚਾ ‘ਚ ਹਿੱਸਾ ਲਿਆ। ‘ਇੰਡੀਆ’ ਗਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ ਆਗੂਆਂ ਨੇ ਅਗਾਮੀ ਲੋਕ ਸਭਾ ਚੋਣਾਂ ਲਈ ਦਿੱਲੀ, ਪੰਜਾਬ ਅਤੇ ਹੋਰ ਰਾਜਾਂ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਕੀਤੀ।
ਖੁਰਸ਼ੀਦ ਨੇ ਕਿਹਾ ਕਿ ਉਨ੍ਹਾਂ ਦੀ ਮੁਲਾਕਾਤ ਸ਼ਾਨਦਾਰ ਰਹੀ। ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ”ਅਸੀਂ ਲਗਭਗ ਸਾਰੇ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ। ਸਾਡੇ ਵਿਚ ਬਹੁਤ ਵਧੀਆ ਤਾਲਮੇਲ ਹੈ, ਅਸੀਂ ਸਭ ਕੁਝ ਖੁੱਲ੍ਹ ਕੇ ਸਾਂਝਾ ਕੀਤਾ ਹੈ, ਜਿਸ ਦਾ ਸਾਨੂੰ ਵਿਸ਼ਵਾਸ ਹੈ ਕਿ ਸਾਡੇ ਰਿਸ਼ਤੇ ਮਜ਼ਬੂਤ ਹੋਣਗੇ। ਇਹ ਬਹੁਤ ਵਧੀਆ ਮੀਟਿੰਗ ਸੀ।” ਇਹ ਪੁੱਛੇ ਜਾਣ ‘ਤੇ ਕਿ ਸੀਟਾਂ ਦੀ ਵੰਡ ਨੂੰ ਕਦੋਂ ਅੰਤਿਮ ਰੂਪ ਦਿੱਤਾ ਜਾਵੇਗਾ, ਉਨ੍ਹਾਂ ਕਿਹਾ, “ਮੈਨੂੰ ਉਮੀਦ ਹੈ ਕਿ ਜਲਦੀ ਹੀ ਇਹ ਮੀਟਿੰਗ ਹੋਵੇਗੀ ਕਿਉਂਕਿ ਅਸੀਂ ਕੱਲ੍ਹ ਆਪਣੇ ਕਈ ਸਹਿਯੋਗੀਆਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਜਿਵੇਂ ਹੀ ਸਾਡੀ ਅਗਲੀ ਮੀਟਿੰਗ ਹੋਵੇਗੀ, ਅਸੀਂ ਕੁਝ ਪ੍ਰਸਤਾਵਾਂ ‘ਤੇ ਮੋਹਰ ਲਗਾ ਕੇ ਉਨ੍ਹਾਂ ਨੂੰ ਆਪਣੀ ਲੀਡਰਸ਼ਿਪ ਦੇ ਸਾਹਮਣੇ ਰੱਖ ਸਕਾਂਗੇ। ਅਸੀਂ ਜੋ ਵੀ ਕਰਾਂਗੇ, ਮਿੱਲ ਕੇ ਕਰਾਂਗੇ।” ਕੁਝ ਇਸੇ ਤਰ੍ਹਾਂ ਦੇ ਹੀ ਵਿਚਾਰ ਪ੍ਰਗਟ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਗੱਲਬਾਤ ਚੰਗੀ ਤਰ੍ਹਾਂ ਅੱਗੇ ਵਧ ਰਹੀ ਹੈ।
(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)