ਭੋਲਾ ਨਾਥ ਸਿੰਘ, ਆਰ.ਪੀ. ਸਿੰਘ ਅਤੇ ਨਿਤਿਨ ਕੋਹਲੀ ਵੱਲੋਂ ਪੰਜਾਬ ਵਿੱਚ ਹੋਣ ਵਾਲੇ ਵੱਕਾਰੀ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ
ਜਲੰਧਰ: ਪੰਜਾਬ ਵਿੱਚ ਹੋਣ ਵਾਲੀ ਵੱਕਾਰੀ ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਹਾਕੀ ਇੰਡੀਆ ਅਤੇ ਹਾਕੀ ਪੰਜਾਬ ਦੇ ਸੀਨੀਅਰ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਨੂੰ ਸਫਲਤਾਪੂਰਵਕ ਕਰਵਾਉਣ ਲਈ ਵੱਖ-ਵੱਖ ਪ੍ਰਬੰਧਾਂ ਅਤੇ ਤਿਆਰੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਸਿੰਘ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਰ.ਪੀ. ਸਿੰਘ, ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਸਮੇਤ ਹੋਰ ਅਹੁਦੇਦਾਰ ਮੌਜੂਦ ਰਹੇ। ਇਸ ਦੌਰਾਨ ਟੂਰਨਾਮੈਂਟ ਨਾਲ ਜੁੜੀਆਂ ਤਿਆਰੀਆਂ, ਖੇਡ ਮੈਦਾਨਾਂ ਦੀਆਂ ਵਿਵਸਥਾਵਾਂ, ਖਿਡਾਰੀਆਂ ਅਤੇ ਟੀਮਾਂ ਲਈ ਸਹੂਲਤਾਂ, ਦਰਸ਼ਕਾਂ ਦੀ ਸੁਵਿਧਾ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਬਾਰੇ ਚਰਚਾ ਕੀਤੀ ਗਈ।
ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦਾ ਆਯੋਜਨ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਵਿੱਚ ਕੀਤਾ ਜਾਵੇਗਾ। ਜਲੰਧਰ ਵਿੱਚ 27 ਅਕਤੂਬਰ ਤੋਂ 2 ਨਵੰਬਰ ਤੱਕ ਲੀਗ ਪੜਾਅ ਦੇ ਮੁਕਾਬਲੇ ਹੋਣਗੇ। ਇਸ ਤੋਂ ਬਾਅਦ 4 ਨਵੰਬਰ ਨੂੰ ਸੈਮੀਫਾਈਨਲ ਅਤੇ 5 ਨਵੰਬਰ ਨੂੰ ਫਾਈਨਲ ਮੁਕਾਬਲਾ ਮੋਹਾਲੀ ਵਿੱਚ ਕਰਵਾਇਆ ਜਾਵੇਗਾ।
ਇਸ ਟੂਰਨਾਮੈਂਟ ਵਿੱਚ ਭਾਰਤ, ਪਾਕਿਸਤਾਨ, ਦੱਖਣੀ ਕੋਰੀਆ, ਮਲੇਸ਼ੀਆ, ਚੀਨ ਅਤੇ ਜਾਪਾਨ ਦੀਆਂ ਟੀਮਾਂ ਹਿੱਸਾ ਲੈਣਗੀਆਂ। ਪੰਜਾਬ ਵਿੱਚ ਇਨ੍ਹਾਂ ਚੋਟੀ ਦੀਆਂ ਏਸ਼ੀਆਈ ਟੀਮਾਂ ਦੇ ਮੁਕਾਬਲੇ ਹੋਣ ਨਾਲ ਹਾਕੀ ਪ੍ਰੇਮੀਆਂ ਨੂੰ ਉੱਚ ਪੱਧਰੀ ਅੰਤਰਰਾਸ਼ਟਰੀ ਹਾਕੀ ਦੇਖਣ ਦਾ ਮੌਕਾ ਮਿਲੇਗਾ।
ਮੀਟਿੰਗ ਦੌਰਾਨ ਖਾਸ ਤੌਰ ’ਤੇ ਜਲੰਧਰ ਵਿੱਚ ਹੋਣ ਵਾਲੇ ਮੁਕਾਬਲਿਆਂ ਲਈ ਸਟੇਡੀਅਮ ਦੀਆਂ ਤਿਆਰੀਆਂ, ਖਿਡਾਰੀਆਂ ਅਤੇ ਟੀਮਾਂ ਲਈ ਸਹੂਲਤਾਂ, ਦਰਸ਼ਕਾਂ ਲਈ ਪ੍ਰਬੰਧ, ਸੁਰੱਖਿਆ ਅਤੇ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਲੈ ਕੇ ਵਿਚਾਰ ਕੀਤਾ ਗਿਆ।
ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਨੇ ਕਿਹਾ ਕਿ ਏਸ਼ੀਅਨ ਚੈਂਪੀਅਨਜ਼ ਟਰਾਫੀ ਵਰਗੇ ਵੱਡੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਪੰਜਾਬ ਲਈ ਮਾਣ ਵਾਲੀ ਗੱਲ ਹੈ। ਖਾਸ ਤੌਰ ’ਤੇ ਜਲੰਧਰ ਦਾ ਹਾਕੀ ਨਾਲ ਇਤਿਹਾਸਕ ਰਿਸ਼ਤਾ ਰਿਹਾ ਹੈ ਅਤੇ ਇੱਥੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਹੋਣਾ ਸ਼ਹਿਰ ਦੀ ਹਾਕੀ ਵਿਰਾਸਤ ਨੂੰ ਹੋਰ ਮਜ਼ਬੂਤ ਕਰੇਗਾ।
ਨਿਤਿਨ ਕੋਹਲੀ ਨੇ ਕਿਹਾ ਕਿ ਹਾਕੀ ਇੰਡੀਆ, ਹਾਕੀ ਪੰਜਾਬ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਟੂਰਨਾਮੈਂਟ ਦੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕਰਨ ’ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਵੱਡੇ ਮੁਕਾਬਲੇ ਪੰਜਾਬ ਦੇ ਨੌਜਵਾਨ ਹਾਕੀ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਹਾਕੀ ਨੂੰ ਨੇੜਿਓਂ ਦੇਖਣ ਅਤੇ ਉੱਘੇ ਖਿਡਾਰੀਆਂ ਤੋਂ ਪ੍ਰੇਰਣਾ ਲੈਣ ਦਾ ਮੌਕਾ ਪ੍ਰਦਾਨ ਕਰਨਗੇ।








































