ਹਾਈਕੋਰਟ ਦਾ ਅਹਿਮ ਫੈਸਲਾ : ਪਤੀ ਨੂੰ ਕਾਲਾ ਕਿਹਾ ਤਾਂ ਹੋੋ ਸਕਦੈ ਤਲਾਕ, ਰੰਗ ਕਰਕੇ ਬੇਇੱਜ਼ਤ ਕਰਨਾ ਜ਼ੁਲਮ

0
869

ਬੈਂਗਲੁਰੂ| ਕਰਨਾਟਕ ਹਾਈ ਕੋਰਟ ਨੇ ਕਿਹਾ ਹੈ ਕਿ ਅਪਣੇ ਪਤੀ ਦੀ ਚਮੜੀ ਦਾ ਰੰਗ ‘ਕਾਲਾ’ ਹੋਣ ਕਾਰਨ ਉਸ ਨੂੰ ਬੇਇੱਜ਼ਤ ਕਰਨਾ ਜ਼ੁਲਮ ਹੈ ਅਤੇ ਇਹ ਉਸ ਵਿਅਕਤੀ ਨੂੰ ਤਲਾਕ ਦੀ ਮਨਜ਼ੂਰੀ ਦਿੱਤੇ ਜਾਣ ਦਾ ਠੋਸ ਕਾਰਨ ਹੈ। ਹਾਈਕੋਰਟ ਨੇ 44 ਸਾਲਾਂ ਦੇ ਵਿਅਕਤੀ ਨੂੰ ਆਪਣੀ 41 ਸਾਲਾਂ ਦੀ ਪਤਨੀ ਤੋਂ ਤਲਾਕ ਦਿੱਤੇ ਜਾਣ ਦੀ ਮਨਜ਼ੂਰੀ ਦਿੰਦਿਆਂ ਪਿੱਛੇ ਜਿਹੇ ਇਕ ਫੈਸਲੇ ’ਚ ਇਹ ਟਿੱਪਣੀ ਕੀਤੀ।

ਅਦਾਲਤ ਨੇ ਕਿਹਾ ਕਿ ਮੌਜੂਦ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕਰਨ ’ਤੇ ਨਿਚੋੜ ਨਿਕਲਦਾ ਹੈ ਕਿ ਪਤਨੀ, ਕਾਲਾ ਰੰਗ ਹੋਣ ਕਾਰਨ ਆਪਣੇ ਪਤੀ ਦੀ ਬੇਇੱਜ਼ਤੀ ਕਰਦੀ ਸੀ ਅਤੇ ਉਹ ਇਸੇ ਕਾਰਨ ਪਤੀ ਨੂੰ ਛੱਡ ਕੇ ਚਲੀ ਗਈ ਸੀ। ਹਾਈਕੋਰਟ ਨੇ ਹਿੰਦੂ ਵਿਆਹ ਐਕਟ ਦੀ ਧਾਰਾ 13(1)(ਏ) ਹੇਠ ਤਲਾਕ ਦੀ ਅਪੀਲ ਮਨਜ਼ੂਰ ਕਰਦਿਆਂ ਕਿਹਾ, ‘‘ਇਸ ਪਹਿਲੂ ਨੂੰ ਲੁਕਾਉਣ ਲਈ ਉਸ ਨੇ (ਪਤਨੀ ਨੇ) ਪਤੀ ਵਿਰੁੱਧ ਨਾਜਾਇਜ਼ ਸਬੰਧਾਂ ਦੇ ਝੂਠੇ ਦੋਸ਼ ਲਾਏ। ਇਹ ਤੱਥ ਯਕੀਨੀ ਤੌਰ ’ਤੇ ਜ਼ੁਲਮ ਕਰਨ ਦੇ ਬਰਾਬਰ ਹਨ।’’

ਬੈਂਗਲੁਰੂ ਦੇ ਰਹਿਣ ਵਾਲੇ ਇਸ ਜੋੜੇ ਨੇ 2007 ’ਚ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੀ ਇਕ ਬੇਟੀ ਵੀ ਹੈ। ਪਤੀ ਨੇ 2012 ’ਚ ਬੈਂਗਲੁਰੂ ਦੀ ਇਕ ਪਰਿਵਾਰਕ ਅਦਾਲਤ ’ਚ ਤਲਾਕ ਦੀ ਅਪੀਲ ਦਾਇਰ ਕੀਤੀ ਸੀ। ਔਰਤ ਨੇ ਵੀ ਧਾਰਾ 498ਏ (ਵਿਆਹੁਤਾ ਔਰਤ ’ਤੇ ਜ਼ੁਲਮ) ਹੇਠ ਆਪਣੇ ਪਤੀ ਅਤੇ ਸਹੁਰਾ ਘਰ ਵਿਰੁੱਧ ਇਕ ਕੇਸ ਦਰਜ ਕਰਵਾਇਆ ਸੀ। ਉਸ ਨੇ ਘਰੇਲੂ ਹਿੰਸਾ ਕਾਨੂੰਨ ਹੇਠ ਵੀ ਇਕ ਮਾਮਲਾ ਦਰਜ ਕਰਵਾਇਆ ਅਤੇ ਬੱਚੀ ਨੂੰ ਛੱਡ ਕੇ ਅਪਣੇ ਮਾਤਾ-ਪਿਤਾ ਨਾਲ ਰਹਿਣ ਲੱਗੀ।

ਉਸ ਨੇ ਪਰਿਵਾਰਕ ਅਦਾਲਤ ’ਚ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਅਤੇ ਪਤੀ ਤੇ ਸਹੁਰਾ ਘਰ ਵਾਲਿਆਂ ’ਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ।

ਪਰਿਵਾਰਕ ਅਦਾਲਤ ਨੇ 2017 ’ਚ ਤਲਾਕ ਲਈ ਪਤੀ ਦੀ ਅਪੀਲ ਖ਼ਾਰਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਹਾਈਕੋਰਟ ਦਾ ਰੁਖ਼ ਕੀਤਾ ਸੀ। ਜਸਟਿਸ ਆਲੋਕ ਅਰਾਧੇ ਅਤੇ ਜਸਟਿਸ ਅਨੰਤ ਰਾਮਨਾਥ ਹੇਗੜੇ ਦੀ ਬੈਂਚ ਨੇ ਕਿਹਾ, ‘‘ਪਤੀ ਦਾ ਕਹਿਣਾ ਹੈ ਕਿ ਪਤਨੀ ਉਸ ਦਾ ਕਾਲਾ ਰੰਗ ਹੋਣ ਕਾਰਨ ਉਸ ਨੂੰ ਬੇਇੱਜ਼ਤ ਕਰਦੀ ਸੀ। ਪਤੀ ਨੇ ਇਹ ਵੀ ਕਿਹਾ ਕਿ ਉਹ ਬੱਚੀ ਲਈ ਇਸ ਬੇਇੱਜ਼ਤੀ ਨੂੰ ਸਹਿੰਦਾ ਸੀ।’’

ਹਾਈਕੋਰਟ ਨੇ ਕਿਹਾ ਕਿ ਪਤੀ ਨੂੰ ‘ਕਾਲਾ’ ਕਹਿਣਾ ਜ਼ੁਲਮ ਕਰਨ ਦੇ ਬਰਾਬਰ ਹੈ। ਉਸ ਨੇ ਪ੍ਰਵਾਰਕ ਅਦਾਲਤ ਦੇ ਫੈਸਲੇ ਨੂੰ ਰੱਦ ਕਰਦਿਆਂ ਕਿਹਾ, ‘‘ਪਤਨੀ ਨੇ ਪਤੀ ਕੋਲ ਪਰਤਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਰੀਕਾਰਡ ’ਚ ਮੌਜੂਦ ਸਬੂਤ ਇਹ ਸਾਬਤ ਕਰਦੇ ਹਨ ਕਿ ਉਸ ਦੇ ਪਤੀ ਦਾ ਰੰਗ ਕਾਲਾ ਹੋਣ ਕਾਰਨ ਪਤਨੀ ਨੂੰ ਵਿਆਹ ’ਚ ਕੋਈ ਦਿਲਚਸਪੀ ਨਹੀਂ ਸੀ। ਇਨ੍ਹਾਂ ਦਲੀਲਾਂ ਦੇ ਸੰਦਰਭ ’ਚ ਇਹ ਅਪੀਲ ਕੀਤੀ ਜਾਂਦੀ ਹੈ ਕਿ ਪ੍ਰਵਾਰਕ ਅਦਾਲਤ ਵਿਆਹ ਭੰਗ ਕਰਨ ਦਾ ਹੁਕਮ ਦੇਵੇ।’’