ਪ੍ਰਵਾਸੀ ਪੰਜਾਬੀਆਂ ਨੇ ਆਪਣੇ ਅੰਦੋਲਨ ਕਰ ਰਹੇ ਕਿਸਾਨ ਭਰਾਵਾਂ ਦੀ ਫੜੀ ਬਾਂਹ, ਪੈਸੇ ਦਾ ਵਰ੍ਹਾਇਆ ਮੀਂਹ

0
893

ਚੰਡੀਗੜ੍ਹ | ਕਿਸਾਨ ਅੰਦੋਲਨ ਨੂੰ ਹਰ ਵਰਗ ਦਾ ਸਹਿਯੋਗ ਮਿਲ ਰਿਹਾ ਹੈ। ਅਹਿਮ ਗੱਲ ਹੈ ਕਿ ਦੇਸ਼ ਨਾਲੋਂ ਵੱਧ ਇਸ ਅੰਦੋਲਨ ਦੀ ਚਰਚਾ ਵਿਦੇਸ਼ਾਂ ਵਿੱਚ ਹੋ ਰਹੀ ਹੈ। ਵਿਦੇਸ਼ੀ ਮੀਡੀਆ ਇਸ ਨੂੰ ਕਾਫੀ ਅਹਿਮੀਅਤ ਦੇ ਰਿਹਾ ਹੈ। ਉਧਰ, ਵਿਦੇਸ਼ਾਂ ਵਿੱਚ ਵਸੇ ਭਾਰਤੀ (ਐਨਆਰਆਈਜ਼) ਵੀ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਹਨ।

ਪਰਵਾਸੀ ਭਾਰਤੀਆਂ ਵੱਲੋਂ ਜਿੱਥੇ ਸੋਸ਼ਲ ਮੀਡੀਆ ‘ਤੇ ਕਿਸਾਨਾਂ ਲਈ ਮੁਹਿੰਮ ਵਿੱਢੀ ਹੋਈ ਹੈ, ਉੱਥੇ ਹੀ ਉਨ੍ਹਾਂ ਨੇ ਮਾਲੀ ਮੱਦਦ ਭੇਜਣੀ ਸ਼ੁਰੂ ਕਰ ਦਿੱਤੀ ਹੈ। ਐਨਆਰਆਈਜ਼ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਨਾਲ ਧੱਕੇਸ਼ਾਹੀ ਤੇ ਜ਼ੁਲਮ ਤੋਂ ਫਿਕਰਮੰਦ ਹਨ। ਕੈਨੇਡਾ ਦੇ ‘ਵਰਲਡ ਫਾਇਨਾਂਸ਼ੀਅਲ ਗਰੁੱਪ’ ਦੇ ਰਾਜਾ ਧਾਲੀਵਾਲ ਤੇ ਕਾਰਜਕਾਰੀ ਟੀਮ ਵੱਲੋਂ ਕਿਸਾਨਾਂ ਦੀ ਮੱਦਦ ਲਈ 50 ਹਜ਼ਾਰ ਕੈਨੇਡੀਅਨ ਡਾਲਰ (ਕਰੀਬ 25 ਲੱਖ ਰੁਪਏ) ਦਾਨ ਦਿੱਤੇ ਗਏ ਹਨ। ਉਨ੍ਹਾਂ ਵੱਲੋਂ ਇਹ ਦਾਨ ਲੰਗਰ ਲਈ ਦਿੱਤਾ ਗਿਆ ਹੈ। ਉਨ੍ਹਾਂ ਨੇ ਖ਼ਾਲਸਾ ਏਡ ਦੇ ਰਵੀ ਸਿੰਘ ਨੂੰ ਵਿੱਤ ਸੌਂਪ ਦਿੱਤਾ ਹੈ।

ਵੀਡੀਓ ਸੁਨੇਹਾ ਜਾਰੀ ਕਰਦਿਆਂ ਰਾਜਾ ਧਾਲੀਵਾਲ ਨੇ ਕਿਹਾ ਕਿ ਉਹ ਕਿਸਾਨਾਂ ਦੇ ਆਰਥਿਕ, ਭਾਈਚਾਰਕ ਤੇ ਸਿਆਸੀ ਸਮਰਥਨ ਲਈ ਆਪਣੀ ਆਵਾਜ਼ ਬੁਲੰਦ ਕਰਨਗੇ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਟਵੀਟ ਕੀਤਾ, ‘‘ਭਾਰਤ ਵਿੱਚ ਸ਼ਾਂਤੀਪੂਰਵਕ ਪ੍ਰਦਰਸ਼ਨਕਾਰੀਆਂ ਨਾਲ ਧੱਕੇਸ਼ਾਹੀ ਕਰਨ ਦੀਆਂ ਰਿਪੋਰਟਾਂ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਹਨ। ਮੇਰੇ ਬਹੁਤ ਸਾਰੇ ਜਾਣਕਾਰਾਂ ਦੇ ਪਰਿਵਾਰ ਉੱਥੇ ਹਨ ਤੇ ਉਹ ਉਨ੍ਹਾਂ ਦੀ ਸੁਰੱਖਿਆ ਬਾਰੇ ਚਿੰਤਤ ਹਨ। ਸਿਹਤਮੰਦ ਲੋਕਤੰਤਰ ਸ਼ਾਂਤੀਪੂਰਵਕ ਪ੍ਰਦਰਸ਼ਨ ਦੀ ਆਗਿਆ ਦਿੰਦੇ ਹਨ। ਇਸ ਵਿੱਚ ਸ਼ਾਮਲ ਧਿਰਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਇਹ ਬੁਨਿਆਦੀ ਹੱਕ ਕਾਇਮ ਰੱਖਿਆ ਜਾਵੇ।’’

ਕੈਨੇਡਾ ਵਿੱਚ ਐੱਨਡੀਪੀ ਆਗੂ ਜਗਮੀਤ ਸਿੰਘ ਨੇ ਟਵੀਟ ਕੀਤਾ, ‘‘ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਭਾਰਤ ਸਰਕਾਰ ਵੱਲੋਂ ਕੀਤੀ ਹਿੰਸਾ ਬਹੁਤ ਭਿਆਨਕ ਹੈ। ਮੈਂ ਪੰਜਾਬ ਤੇ ਭਾਰਤ ਭਰ ਦੇ ਕਿਸਾਨਾਂ ਨਾਲ ਇੱਕਜੁਟਤਾ ਪ੍ਰਗਟਾਉਂਦਾ ਹਾਂ ਤੇ, ਭਾਰਤ ਸਰਕਾਰ ਨੂੰ ਸੱਦਾ ਦਿੰਦਾ ਹਾਂ ਕਿ ਉਹ ਹਿੰਸਾ ਦੀ ਬਜਾਏ ਸ਼ਾਂਤਮਈ ਗੱਲਬਾਤ ਦੇ ਰਾਹ ਪਵੇ। ’’

ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪੋਸਟ ਕੀਤਾ, ‘‘ਇਹ ਵੱਖਰੀ ਕਿਸਮ ਦੇ ਲੋਕ ਨੇ, ਜੋ ਉਨ੍ਹਾਂ ਦਾ ਢਿੱਡ ਭਰਦੇ ਨੇ ਜਿਨ੍ਹਾਂ ਨੂੰ ਇਨ੍ਹਾਂ ਨੂੰ ਕੁੱਟਣ ਤੇ ਦਬਾਉਣ ਦਾ ਹੁਕਮ ਦਿੱਤਾ ਗਿਆ ਹੈ। ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਸਮੇਤ ਪੰਜਾਬ ਤੇ ਭਾਰਤ ਦੇ ਹੋਰ ਹਿੱਸਿਆਂ ਦੇ ਕਿਸਾਨਾਂ ਦਾ ਸਾਥ ਦਿੰਦਾ ਹਾਂ, ਜੋ ਸ਼ਾਂਤੀਪੂਰਵਕ ਢੰਗ ਨਾਲ ਖੇਤੀ ਬਿੱਲ 2020 ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।’’