ਲੁਧਿਆਣਾ, 11 ਸਤੰਬਰ | ਖੰਨਾ ਪੁਲਿਸ ਨੇ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 3 ਮੈਂਬਰਾਂ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 15 ਹਥਿਆਰ ਬਰਾਮਦ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਵਿਚ ਨਾਜਾਇਜ਼ ਅਸਲਾ ਬਣਾਉਣ ਵਾਲੀ ਫੈਕਟਰੀ ਵਿਚੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਹਥਿਆਰ ਸਪਲਾਈ ਕੀਤੇ ਜਾਂਦੇ ਸਨ।
ਪੁਲਿਸ ਨੇ ਕਾਰਵਾਈ ਕਰਦਿਆਂ ਫੈਕਟਰੀ ‘ਚ ਹਥਿਆਰ ਬਣਾਉਣ ਵਾਲੇ ਵਿਅਕਤੀ ਅਤੇ ਸਪਲਾਈ ਕਰਨ ਵਾਲੇ ਇਕ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੀ ਪਛਾਣ ਖੰਨਾ ਦੀ ਜਗਤ ਕਾਲੋਨੀ ਵਾਸੀ ਵਿਸ਼ਾਲ ਕੁਮਾਰ ਅਤੇ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੇ ਪਿੰਡ ਸਿਗਨੂਰ ਵਾਸੀ ਵੀਰਪਾਲ ਸਿੰਘ ਉਰਫ ਟੋਨੀ ਵਜੋਂ ਹੋਈ ਹੈ।
ਪੁਲਿਸ ਨੇ ਇਸ ਮਾਮਲੇ ਵਿਚ ਵੀਰਪਾਲ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ। ਜਦੋਂ ਖੰਨਾ ਪੁਲਿਸ ਦੀ ਟੀਮ ਨੇ ਵੀਰਪਾਲ ਦੇ ਮੱਧ ਪ੍ਰਦੇਸ਼ ਸਥਿਤ ਟਿਕਾਣੇ ‘ਤੇ ਛਾਪਾ ਮਾਰਿਆ ਤਾਂ ਉਥੋਂ ਦੇਸੀ ਪਿਸਤੌਲ ਬਰਾਮਦ ਹੋਏ। ਵੀਰਪਾਲ ਆਪਣੇ ਰਿਸ਼ਤੇਦਾਰ ਤਕਦੀਰ ਸਿੰਘ ਨਾਲ ਮਿਲ ਕੇ ਅਸਲਾ ਬਣਾਉਣ ਦਾ ਕੰਮ ਕਰਦਾ ਸੀ। ਤਕਦੀਰ ਸਿੰਘ ਨੂੰ ਦੋ ਮਹੀਨੇ ਪਹਿਲਾਂ ਖੰਨਾ ਪੁਲਿਸ ਨੇ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਸਮੇਂ ਉਹ ਲੁਧਿਆਣਾ ਜੇਲ ਵਿਚ ਬੰਦ ਹੈ। ਆਈ.ਜੀ. ਸ਼ਰਮਾ ਨੇ ਦੱਸਿਆ ਕਿ ਤਕਦੀਰ ਅਤੇ ਵੀਰਪਾਲ ਖੁਦ ਹਥਿਆਰ ਬਣਾਉਂਦੇ ਸਨ ਅਤੇ ਮੰਗ ਅਨੁਸਾਰ ਦੇਸੀ ਪਿਸਤੌਲ ਵੇਚਦੇ ਸਨ। ਪੁਲਿਸ ਵਲੋਂ ਉਨ੍ਹਾਂ ਦੇ ਬਾਕੀ ਨੈੱਟਵਰਕ ਦੀ ਵੀ ਜਾਂਚ ਕੀਤੀ ਜਾ ਰਹੀ ਹੈ।