ਢਿੱਲਵਾਂ, 2 ਸਤੰਬਰ| ਪੰਜਾਬ ਸਰਕਾਰ ‘ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪ੍ਰਸ਼ਾਰ ਦੀ ਯੋਗ ਅਗਵਾਈ ਹੇਠ ਅੱਜ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਡਾ. ਪ੍ਰੇਮ ਕੁਮਾਰ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੇਮ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਮੀਨੀ ਪੱਧਰ ਤੇ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਵਚਨਬੱਧ ਹੈ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਪੱਖੋਂ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਮੈਡੀਕਲ ਟੀਮਾਂ ਵੱਲੋਂ ਲੋੜੀਂਦੀ ਦਵਾਈਆਂ, ਓ.ਆਰ.ਐਸ, ਕਲੋਰੀਨ ਦੀ ਗੋਲੀਆਂ, ਚਮੜੀ ਰੋਗ, ਡਾਈਰੀਆ, ਬੁਖਾਰ ਆਦਿ ਬਿਮਾਰੀਆਂ ਸਬੰਧੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੈਡੀਕਲ ਟੀਮਾਂ ਨੂੰ ਦਵਾਈਆਂ ਦਾ ਸਟਾਕ ਸਮੇਂ ਸਿਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਢਿੱਲਵਾਂ ਅਧੀਨ ਦੋ ਮੈਡੀਕਲ ਟੀਮਾਂ ਇੱਕ ਬੁਤਾਲਾ ਮੰਡ ਅਤੇ ਦੁਜੀ ਮੰਡ ਤਲਵੰਡੀ ਕੂਕਾ ਵਿਖੇ ਤੈਨਾਤ ਕੀਤੀਆਂ ਗਈਆਂ ਹਨ। ਜੇਕਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਸਿਹਤ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਉਹ ਸੰਬੰਧਤ ਮੈਡੀਕਲ ਟੀਮ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਨਾਲ ਸਿਹਤ ਵਿਭਾਗ ਦੀ ਟੀਮ ਵਿੱਚ ਡਾ. ਸ਼ੂਭ ਸ਼ਰਮਾ, ਡਾ. ਨਵਦੀਪ ਕੌਰ, ਬੀ.ਈ.ਈ ਮੋਨਿਕਾ, ਫਾਰਮਾਸਿਸਟ ਬਲਜੀਤ ਸਿੰਘ, ਸਿਹਤ ਸੁਪਰਵਾਈਜ਼ਰ ਸਰਬਜੀਤ ਸਿੰਘ, ਮ.ਪ.ਹ.ਵ ਸੁਖਦੇਵ ਸਿੰਘ, ਸਤਨਾਮ ਸਿੰਘ ਅਤੇ ਯਾਦਵਿੰਦਰ ਸਿੰਘ ਹਾਜ਼ਰ ਸਨ।
ਲੋਕ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦਾ ਦੇਣ ਸਹਿਯੋਗ – ਡਾ. ਪ੍ਰੇਮ ਕੁਮਾਰ
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੇਮ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਅੱਜੇ ਵੀ ਘਰਾਂ ਵਿੱਚ ਰਹਿ ਰਹੇ ਹਨ ਤਾਂ ਉਹ ਘਰਾਂ ਤੋਂ ਬਾਹਰ ਬੰਨ੍ਹ ਦੇ ਸੁਰੱਖਿਅਤ ਪਾਸੇ ਆ ਜਾਣ। ਉਨ੍ਹਾਂ ਪਿੰਡ ਦੇ ਲੋਕਾਂ ਰਾਹੀਂ ਇਹ ਸੁਨੇਹਾ ਹਰ ਪਿੰਡ ਦੇ ਵਸਨੀਕਾਂ ਤੱਕ ਪਹੁੰਚਾਉਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਸਮੇਂ ਸਿਰ ਲਿਆਇਆ ਜਾਵੇ। ਇਸ ਮੌਕੇ ਮੋਨਿਕਾ ਬੀ.ਈ.ਈ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੌਸਮੀ ਬਿਮਾਰੀਆਂ ਡੇਂਗੂ, ਮਲੇਰੀਆ ਅਤੇ ਡਾਈਰੀਆ ਆਦਿ ਹੋਰ ਬਿਮਾਰੀਆਂ ਦੇ ਲੱਛਣ, ਰੋਕਥਾਮ ਅਤੇ ਯੋਗ ਇਲਾਜ ਸਬੰਧੀ ਵਿਸਥਾਰ ਨਾਲ ਜਾਣਕਾਰੀ ਦੇ ਕਿ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਜਾਗਰੂਕ ਰਹਿ ਕਿ ਸਮੇਂ ਸਿਰ ਬਿਮਾਰੀਆਂ ਤੋਂ ਆਪਣਾ ਬਚਾਅ ਕਰ ਸਕਣ।