ਜੇਕਰ ਤੁਸੀਂ 7 ਤੋਂ 9 ਮਾਰਚ ਵਿਚਾਲੇ ਸ਼੍ਰੀ ਆਨੰਦਪੁਰ ਸਾਹਿਬ ਹੋਲਾ ਮੁਹੱਲਾ ਸਮਾਗਮਾਂ ‘ਚ ਸ਼ਾਮਿਲ ਹੋ ਕੇ ਆਏ ਹੋ ਤਾਂ ਤੁਰੰਤ ਆਪਣੀ ਜਾਂਚ ਕਰਵਾਓ

    0
    958

    ਹੁਸ਼ਿਆਰਪੁਰ . ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪਿਛਲੇ ਦਿਨੀਂ 7 ਤੋਂ 9 ਮਾਰਚ ਤੱਕ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਏ ਹੋਲਾ-ਮੁਹੱਲਾ ਸਮਾਗਮਾਂ, ਡੇਰਾ ਬਾਬਾ ਨਿਰਮਲ ਬੰਗਾ ਕੁਟੀਆ ਪਠਲਾਵਾ ਅਤੇ ਲੰਗਰ ਜਾਂ ਕੀਰਤਨ ਵਿੱਚ ਸ਼ਾਮਿਲ ਹੋਣ ਵਾਲੇ ਜ਼ਿਲਾ ਹੁਸ਼ਿਆਰਪੁਰ ਦੇ ਸ਼ਰਧਾਲੂਆਂ ਨੂੰ ਵਲੰਟੀਅਰ ਪੱਧਰ ‘ਤੇ ਜ਼ਿਲਾ ਪ੍ਰਸਾਸ਼ਨ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਇਨਾਂ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਵਾਲੇ ਸ਼ਰਧਾਲੂ ਅਹਿਤਿਆਤ ਵਜੋਂ ਪ੍ਰਸਾਸ਼ਨ ਨੂੰ ਜਾਣਕਾਰੀ ਦੇਣ ਤੋਂ ਇਲਾਵਾ ਆਪੋ-ਆਪਣੇ ਘਰਾਂ ਵਿੱਚ ਰਹਿਣ ਨੂੰ ਤਰਜ਼ੀਹ ਦੇਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਸੰਪਰਕ ਨਾ ਕਰਨ।

    ਡੀਸੀ ਨੇ ਕਿਹਾ ਕਿ ਅਜਿਹੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਸਬੰਧੀ ਸਿਹਤ ਵਿਭਾਗ ਨਾਲ ਜਾਣਕਾਰੀ ਸਾਂਝੀ ਕਰਨ। ਉਨਾਂ ਕਿਹਾ ਕਿ ਡਾਕਟਰਾਂ ਦੀ ਸਲਾਹ ਨਾਲ ਆਪਣੇ ਘਰ ਰਹਿ ਕੇ ਵੀ ਤੰਦਰੁਸਤ ਹੋਇਆ ਜਾ ਸਕਦਾ ਹੈ ਅਤੇ ਇਸ ਔਖੀ ਘੜੀ ਵਿੱਚ ਮਾਨਵਤਾ ਦੀ ਭਲਾਈ ਲਈ ਆਪਸੀ ਸਹਿਯੋਗ ਬਹੁਤ ਜ਼ਰੂਰੀ ਹੈ। ਉਨਾਂ ਜ਼ਿਲਾ ਹੁਸ਼ਿਆਰਪੁਰ ਦੇ ਵਿਦੇਸ਼ੋਂ ਪਰਤੇ ਸਮੂਹ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਦੋ ਹਫਤਿਆਂ ਲਈ ਇਕਾਂਤਵਾਸ ਵਿੱਚ ਰਹਿਣ। ਉਨਾਂ ਆਮ ਜਨਤਾ ਨੂੰ ਵੀ ਵਿਦੇਸ਼ੋਂ ਅਤੇ ਹੋਲਾ ਮੁਹੱਲਾ ਸਮਾਗਮਾਂ ਤੋਂ ਪਰਤਣ ਵਾਲਿਆਂ ਤੋਂ 14 ਦਿਨਾਂ ਲਈ ਦੂਰੀ ਬਣਾਕੇ ਰੱਖਣ ਨੂੰ ਆਖਿਆ ਹੈ।

    ਔਖੀ ਘੜੀ ‘ਚ ਮਾਨਵਤਾ ਦੀ ਭਲਾਈ ਲਈ ਆਪਸੀ ਸਹਿਯੋਗ ਬਹੁਤ ਜ਼ਰੂਰੀ – ਅਪਨੀਤ ਰਿਆਤ, ਡੀਸੀ ਹੁਸ਼ਿਆਰਪੁਰ

    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੁਨੀਆਂ ਭਰ ਵਿੱਚ ਮਹਾਂਮਾਰੀ ਦੇ ਪੱਧਰ ‘ਤੇ ਫੈਲ ਰਿਹਾ ਹੈ ਅਤੇ ਅਜਿਹੇ ਵੇਲੇ ਸਭ ਦਾ ਨੈਤਿਕ ਫਰਜ਼ ਬਣਦਾ ਹੈ ਕਿ ਮਨੁੱਖਤਾ ਦੇ ਭਲੇ ਲਈ ਖੁਦ ਆਪਣੇ, ਪਰਿਵਾਰਕ ਮੈਂਬਰਾਂ ਅਤੇ ਆਲੇ-ਦੁਆਲੇ ਵੱਸਦੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਤਰਜ਼ੀਹ ਦਿੱਤੀ ਜਾਵੇ। ਉਹਨਾਂ ਕਿਹਾ ਕਿ ਅਜਿਹੇ ਵਿਅਕਤੀ ਜੋ ਹੋਲਾ ਮੁਹੱਲਾ ਸਮਾਗਮਾਂ ਜਾਂ ਹਾਲ ਹੀ ਦੇ ਦਿਨਾਂ ਵਿੱਚ ਡੇਰਾ ਬਾਬਾ ਨਿਰਮਲ ਬੰਗਾ ਕੁਟੀਆ ਪਠਲਾਵਾ ਵਿਖੇ ਜਾ ਕੇ ਆਏ ਹਨ ਜਾਂ ਲੰਗਰ ਤੇ ਕੀਰਤਨ ਵਿੱਚ ਸ਼ਾਮਿਲ ਹੋਏ ਹਨ, ਉਹ ਜ਼ਿਲਾ ਪੱਧਰੀ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰਾਂ 94659-45501, 78378-13713 ਜਾਂ 104 ‘ਤੇ ਸੂਚਿਤ ਕਰਨ, ਤਾਂ ਜੋ ਲੀੜੀਂਦਾ ਮੈਡੀਕਲ ਚੈਕਅੱਪ ਕਰਵਾਕੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।