ਯੋਗੀ ਹੁੰਦੇ ਤਾਂ ਨਹੀਂ ਹੋਣਾ ਸੀ ਮੇਰੇ ਪੁੱਤ ਦਾ ਕਤਲ, ਮਾਨ ਨੇ ਤਾਂ ਪੰਜਾਬ ਨੂੰ ਦਿੱਲੀ ਕੋਲ ਗਹਿਣੇ ਰੱਖ’ਤਾ : ਬਲਕੌਰ ਸਿੰਘ

0
1123

ਮਾਨਸਾ| 19 ਮਾਰਚ ਨੂੰ ਪੰਜਾਬ ਦੇ ਮਾਨਸਾ ਵਿਖੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਸਮਾਗਮ ਕਰਵਾਇਆ ਗਿਆ। ਜਿੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ, ਉੱਥੇ ਹੀ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਸੀਐੱਮ ਯੋਗੀ ਆਦਿਤਿਆਨਾਥ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਯੋਗੀ ਹੁੰਦੇ ਤਾਂ ਬੇਟੇ ਦੀ ਹੱਤਿਆ ਨਾ ਹੁੰਦੀ। ਪੰਜਾਬ ਦੀ ਇਹ ਹਾਲਤ ਨਾ ਹੁੰਦੀ। ਯੋਗੀ ਨੇ ਉੱਤਰ ਪ੍ਰਦੇਸ਼ ਨੂੰ ਸਾਫ਼-ਸੁਥਰਾ ਬਣਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ‘ਚ ਹਰ ਕੋਈ ਯੋਗੀ ਦੇ ਨਾਂ ‘ਤੇ ਵੋਟ ਪਾਉਣ ਲਈ ਮਜਬੂਰ ਹੋਵੇਗਾ।

ਬਲਕੌਰ ਸਿੰਘ ਨੇ ਦੱਸਿਆ ਕਿ ਜਿਸ ਦਿਨ ਤੋਂ ਉਸ ਨੇ ਉਸ ਪਾਪੀ (ਲਾਰੈਂਸ) ਦੀ ਜੇਲ ਵਿਚੋਂ ਇੰਟਰਵਿਊ ਦੇਖੀ… ਇਉਂ ਮਹਿਸੂਸ ਹੋਇਆ ਜਿਵੇਂ ਪੁੱਤਰ ਦਾ ਇਕ ਵਾਰ ਫਿਰ ਕਤਲ ਹੋ ਗਿਆ ਹੋਵੇ। ਉਨ੍ਹਾਂ ਕਿਹਾ ਕਿ ਗੈਂਗਸਟਰ ਖੁਦ ਸਿੱਧੂ ਦੀ ਮੌਤ ਦੀ ਜ਼ਿੰਮੇਵਾਰੀ ਲੈ ਰਹੇ ਹਨ ਅਤੇ ਪੁਲਿਸ ਉਨ੍ਹਾਂ ਅੱਗੇ ਗੋਡੇ ਟੇਕ ਰਹੀ ਹੈ। ਬਲਕੌਰ ਸਿੰਘ ਨੇ ਦੱਸਿਆ ਕਿ ਉਸ ਨੇ ਚੀਨ ਅਤੇ ਕਾਰਗਿਲ ਬਾਰਡਰ ‘ਤੇ -30 ਡਿਗਰੀ ਤਾਪਮਾਨ ‘ਚ ਡਿਊਟੀ ਕਰਕੇ ਦੇਸ਼ ਦੀ ਸੇਵਾ ਕੀਤੀ ਹੈ, ਉਸਦਾ ਇਹ ਸਿਲਾ ਦਿੱਤਾ ਜਾ ਰਿਹਾ ਹੈ।

ਬਲਕੌਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵੀ ਚੁਟਕੀ ਲੈਂਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਨੂੰ ਦਿੱਲੀ ਕੋਲ ਗਿਰਵੀ ਰੱਖ ਦਿੱਤਾ ਹੈ। ਸੂਬੇ ਦੇ ਕਿਸੇ ਵੀ ਮੰਤਰੀ ਜਾਂ ਮੁੱਖ ਮੰਤਰੀ ਕੋਲ ਖੁੱਲ੍ਹ ਕੇ ਫੈਸਲਾ ਲੈਣ ਦੀ ਤਾਕਤ ਨਹੀਂ ਹੈ। ਅੱਜ ਪੰਜਾਬ ‘ਚ ਅੰਮ੍ਰਿਤਪਾਲ ‘ਤੇ ਜੋ ਕਾਰਵਾਈ ਹੋ ਰਹੀ ਹੈ, ਉਹ ਵੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੀ ਗਈ ਹਿੰਮਤ ਤੋਂ ਬਾਅਦ ਹੈ। ਬਲਕੌਰ ਸਿੰਘ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਦੀਆਂ ਜੇਲ੍ਹਾਂ ਵਿੱਚ ਸ਼ਾਖਾਵਾਂ ਚੱਲ ਰਹੀਆਂ ਹਨ।

ਸਿੱਧੂ ਦੇ ਮਾਪਿਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਸੁਰੱਖਿਆ ਹਟਾਉਣ ਦੀ ਖ਼ਬਰ ਲੀਕ ਨਾ ਹੁੰਦੀ ਤਾਂ ਉਨ੍ਹਾਂ ਦਾ ਪੁੱਤਰ ਬਚ ਸਕਦਾ ਸੀ। ਸਰਕਾਰ ‘ਚ ਸ਼ਾਮਲ ਇਕ ਸੀਨੀਅਰ ਵਿਅਕਤੀ ਨੇ ਇਹ ਖਬਰ ਆਪਣੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਇਸ ਤੋਂ ਬਾਅਦ ਇਹ ਗੱਲ ਗੈਂਗਸਟਰਾਂ ਤੱਕ ਪਹੁੰਚ ਗਈ ਅਤੇ ਉਸ ਦੇ ਬੇਟੇ ਨੂੰ ਮਾਰ ਦਿੱਤਾ ਗਿਆ। ਉਸ ਖਿਲਾਫ ਕੇਸ ਦਰਜ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਹੋਰ ਲੋਕਾਂ ਅਤੇ ਕਲਾਕਾਰਾਂ ਦੇ ਨਾਂ ਵੀ ਦਿੱਤੇ ਹਨ। ਇਸ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ ਗਠਿਤ ਐਸ.ਆਈ.ਟੀ. ਜਾਂਚ ਕਰ ਚੁੱਕੀ ਹੈ।