ਜਲੰਧਰ. ਕੱਲ ਇਕ ਦਿਨ ਵਿਚ ਕੋਰੋਨਾ ਦੇ ਤਿੰਨ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਤੇ ਇਕ ਮਰੀਜ਼ ਦੀ ਮੌਤ ਵੀ ਹੋ ਗਈ, ਜਿਸ ਦੀ ਕੋਰੋਨਾ ਦੀ ਰਿਪੋਰਟ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਬੁੱਧਵਾਰ ਨੂੰ ਹੋਈ ਸੀ। ਸਿਹਤ ਵਿਭਾਗ ਕੱਲ੍ਹ ਜਲੰਧਰ ਵਿਚ ਮਿਲੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਹਿਸਟਰੀ ਖੰਗਾਲਣ ਵਿਚ ਲੱਗੀ ਹੋਈ ਹੈ ਕਿ ਇਹ ਕਿਸ ਤਰ੍ਹਾਂ ਇਸ ਵਾਇਰਸ ਦੀ ਲਪੇਟ ਵਿਚ ਆਏ ਪਰ ਅਜੇ ਤੱਕ ਇਸ ਮਾਮਲੇ ਵਿਚ ਕੋਈ ਸਫਲਤਾ ਹਾਸਲ ਨਹੀਂ ਹੋਈ। ਪ੍ਰਸ਼ਾਸਨ ਲਈ ਇਹ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ।
ਦੱਸ ਦਈਏ ਕਿ ਮਕਸੂਦਾਂ ਵਿਖੇ ਨਿਊ ਅਨੰਦ ਵਿਹਾਰ ਨਗਰ ਦਾ ਰਹਿਣ ਵਾਲਾ 53 ਸਾਲਾ ਵਿਅਕਤੀ ਸੈਕਰਡ ਹਾਰਟ ਹਸਪਤਾਲ ਵਿੱਚ ਓਟੀ ਦੇ ਸਹਾਇਕ ਅਹੁਦੇ ‘ਤੇ ਪਿਛਲੇ ਲਗਪਗ ਦੋ ਦਹਾਕਿਆਂ ਤੋਂ ਕੰਮ ਕਰ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਮੁਤਾਬਕ ਉਸ ਨੂੰ ਬੁਖਾਰ ਹੋਣ ‘ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਸੋਮਵਾਰ ਨੂੰ ਤਬੀਅਤ ਖਰਾਬ ਹੋਣ ‘ਤੇ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਵੀਰਵਾਰ ਨੂੰ ਉਸ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸੈਕਰਡ ਹਸਪਤਾਲ ਦੇ 16 ਮੈਂਬਰਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਹਸਪਤਾਲ ਦੇ ਕੰਮ ਤੋਂ ਬਾਅਦ ਉਹ ਆਸਟ੍ਰੇਲੀਆ ਤੋਂ ਆਏ ਕਿਸੇ ਵਿਅਕਤੀ ਦੀਆਂ ਪੱਟੀਆਂ ਕਰਨ ਜਾਂਦਾ ਸੀ। ਵਿਭਾਗ ਹੁਣ ਉਸ ਵਿਅਕਤੀ ਦੀ ਪਛਾਣ ਵਿੱਚ ਲੱਗ ਗਿਆ ਹੈ। ਉਧਰ ਭੈਰੋਂ ਬਾਜ਼ਾਰ ਵਿੱਚ ਜਿਹੜੀ ਔਰਤ ਪਾਜ਼ੀਟਿਵ ਆਈ ਹੈ ਉਹ ਘਰ ਵਿੱਚ ਇਕੱਲੀ ਰਹਿੰਦੀ ਹੈ। ਤਿੰਨ ਮਹੀਨੇ ਪਹਿਲਾਂ ਵਿਦੇਸ਼ ਤੋਂ ਉਸ ਦੇ ਘਰ ਕੁਝ ਮਹਿਮਾਨ ਆਏ ਸਨ। ਕੁਝ ਦਿਨ ਪਹਿਲਾਂ ਉਸਦੀ ਜਲੰਧਰ ਵਿੱਚ ਰਹਿੰਦੀ ਬੇਟੀ ਅਤੇ ਅੰਮ੍ਰਿਤਸਰ ਵਿੱਚ ਰਹਿੰਦੀ ਬੇਟੀ ਵੀ ਉਸ ਨੂੰ ਮਿਲ ਕੇ ਗਈਆਂ ਸਨ। ਔਰਤ ਦੇ ਮੁਤਾਬਕ ਉਹ ਫਗਵਾੜਾ ਗੇਟ ਵਿੱਚ ਸਤਿਸੰਗ ਵਿੱਚ ਹਿੱਸਾ ਲੈਣ ਵੀ ਗਈ ਸੀ।
ਸਿਹਤ ਖਰਾਬ ਹੋਣ ‘ਤੇ ਉਸ ਦੇ ਭਤੀਜੇ ਨੇ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਇਸ ਤੋਂ ਪਹਿਲਾਂ ਉਹ ਸ਼ੇਖਾਂ ਬਾਜ਼ਾਰ ਦੇ ਖੇੜਾ ਕਲੀਨਿਕ ਅਤੇ ਸਿੱਕਾ ਹਸਪਤਾਲ ਵਿੱਚ ਵੀ ਇਲਾਜ ਕਰਵਾਉਣ ਪਹੁੰਚੀ ਸੀ। ਸਿਹਤ ਵਿਭਾਗ ਦੀ ਟੀਮ ਨੇ ਡਾ. ਨਗਿੰਦਰ ਖੇੜਾ ਨੂੰ ਕੁਆਰੰਟਾਈਨ ਕਰਕੇ ਉਨ੍ਹਾਂ ਦਾ ਸੈਂਪਲ ਜਾਂਚ ਲਈ ਭੇਜ ਦਿੱਤਾ ਹੈ। ਉੱਥੇ ਉਨ੍ਹਾਂ ਦੀਆਂ ਦੋਹਾਂ ਬੇਟੀਆਂ ਨੂੰ ਵੀ ਕਵਾਰੰਟਾਈਨ ਕੀਤਾ ਜਾ ਰਿਹਾ ਹੈ।
ਪੁਰਾਣੀ ਸਬਜ਼ੀ ਮੰਡੀ ਦੇ ਕੋਲ ਰਹਿਣ ਵਾਲੀ ਔਰਤ ਦੇ ਪਰਿਵਾਰ ਦਾ ਰੈਡੀਮੇਡ ਕੱਪੜਿਆਂ ਦਾ ਕੰਮ ਹੈ। ਬਿਮਾਰ ਹੋਣ ‘ਤੇ ਪਰਿਵਾਰ ਵਾਲਿਆਂ ਨੇ ਦੋ ਦਿਨ ਪਹਿਲਾਂ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਟੈਸਟ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ। ਉਹ ਇਸ ਵਾਇਰਸ ਦੀ ਲਪੇਟ ਵਿੱਚ ਕਿਵੇਂ ਆਈ ਇਸ ਦਾ ਪਤਾ ਨਹੀਂ ਲੱਗ ਰਿਹਾ ਹੈ। ਹੁਣ ਜਲੰਧਰ ਦਾ ਲਾਵਾਂ ਮੁਹੱਲਾ, ਮਿੱਠਾ ਬਾਜ਼ਾਰ, ਭੈਰੋਂ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ ਅਤੇ ਨਿਊ ਆਨੰਦ ਨਗਰ ਨੂੰ ਵੀ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਸੀਲ ਕਰ ਦਿੱਤਾ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਨੇ ਡਾ. ਹਰੀਸ਼ ਭਾਰਦਵਾਜ ਦੀ ਅਗਵਾਈ ਵਿਚ ਘਰ- ਘਰ ਜਾ ਕੇ ਸਰਵੇ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਲੰਧਰ ਜ਼ਿਲ੍ਹੇ ਵਿੱਚ ਹੁਣ ਤੱਕ 233 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 172 ਨੈਗੇਟਿਵ ਅਤੇ 11 ਪਾਜ਼ੀਟਿਵ ਰਿਪੋਰਟਾਂ ਆਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਅਤੇ 39 ਰਿਪੋਰਟਾਂ ਦਾ ਆਉਣੀਆਂ ਬਾਕੀ ਹਨ ਤੇ 17 ਮਾਮਲੇ ਤਬਲੀਗੀ ਜਮਾਤ ਨਾਲ ਜੁੜੇ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਸਮੇਂ ਸਿਵਲ ਹਸਪਤਾਲ 42 ਮਰੀਜ਼ ਦਾਖਲ ਹਨ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।