ਖੰਨਾ ‘ਚ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਡੇਰਾ ਪ੍ਰਬੰਧਕਾਂ ਤੇ SGPC ‘ਚ ਖੂਨੀ ਝੜਪ, ਪੈਟਰੋਲ ਬੰਬ ਚੱਲੇ, 12 ਤੋਂ ਜ਼ਿਆਦਾ ਜ਼ਖਮੀ

0
1642

ਲੁਧਿਆਣਾ | ਖੰਨਾ ਥਾਣਾ ਦੋਰਾਹਾ ਦੇ ਪਿੰਡ ਬਿਲਾਸਪੁਰ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਡੇਰਾ ਮਹੰਤ ਪ੍ਰਬੰਧਕਾਂ ਵਿਚਾਲੇ ਖੂਨੀ ਝੜਪ ਹੋ ਗਈ। ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸ ਝੜਪ ‘ਚ ਦੋਵਾਂ ਧਿਰਾਂ ਦੇ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਸ ਝੜਪ ‘ਚ ਵਧੀਕ ਸਕੱਤਰ ਵਿਜੇ ਸਿੰਘ ਸਮੇਤ ਸ਼੍ਰੋਮਣੀ ਕਮੇਟੀ ਦੇ ਕਈ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ।

ਜਾਣਕਾਰੀ ਅਨੁਸਾਰ ਬਿਲਾਸਪੁਰ ‘ਚ 20 ਏਕੜ ਤੋਂ ਵੱਧ ਜ਼ਮੀਨ ਹੈ। ਡੇਰਾ ਮਹੰਤ ਪ੍ਰਬੰਧਕ ਇਸ ਨੂੰ ਆਪਣੀ ਜ਼ਮੀਨ ਦੱਸ ਰਹੇ ਹਨ ਅਤੇ ਸ਼੍ਰੋਮਣੀ ਕਮੇਟੀ ਇਸ ਨੂੰ ਗੁਰੂਘਰ ਦੀ ਜ਼ਮੀਨ ਦੱਸ ਰਹੀ ਹੈ। ਇਸ ਸਬੰਧੀ ਹਾਈ ਕੋਰਟ ‘ਚ ਕੇਸ ਵੀ ਚੱਲ ਰਿਹਾ ਹੈ। ਅੱਜ ਜਦੋਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਵਿਜੇ ਸਿੰਘ ਆਪਣੀ ਫੋਰਸ ਸਮੇਤ ਜ਼ਮੀਨ ਦਾ ਕਬਜ਼ਾ ਲੈਣ ਆਏ ਤਾਂ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ।

ਵਧੀਕ ਸਕੱਤਰ ਵਿਜੇ ਸਿੰਘ ਨੇ ਕਿਹਾ ਕਿ ਜ਼ਮੀਨ ਦੇ ਕਬਜ਼ੇ ਦਾ ਕੋਈ ਮੁੱਦਾ ਨਹੀਂ ਹੈ। ਜ਼ਮੀਨ ਗੁਰੂਘਰ ਦੀ ਹੈ। ਉਹ ਆਪਣੀ ਜ਼ਮੀਨ ‘ਚ ਟਰੈਕਟਰ ਚਲਾਉਣ ਆਏ ਸਨ। ਉੱਥੇ ਪਹਿਲਾਂ ਤੋਂ ਤਿਆਰ ਕੁਝ ਲੋਕਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ‘ਤੇ ਪੈਟਰੋਲ ਬੰਬ ਸੁੱਟੇ ਗਏ। ਸ਼੍ਰੋਮਣੀ ਕਮੇਟੀ ਦੇ ਕਈ ਸੇਵਾਦਾਰ ਜ਼ਖ਼ਮੀ ਹੋ ਗਏ। ਉਂਗਲਾਂ ਹੱਥ ਤੋਂ ਵੱਖ ਹੋ ਗਈਆਂ। ਕਿਸੇ ਦੀ ਬਾਂਹ ‘ਤੇ ਕੱਟ ਲੱਗ ਗਿਆ।

ਡੇਰਾ ਮਹੰਤ ਦੇ ਕਰਨਦੀਪ ਨੇ ਦੱਸਿਆ ਕਿ ਇਹ ਕਰੀਬ ਦੋ ਸੌ ਸਾਲ ਪੁਰਾਣੀ ਜ਼ਮੀਨ ਹੈ, ਜੋ ਰਾਜੇ ਮਹਾਰਾਜੇ ਨੇ ਉਨ੍ਹਾਂ ਦੇ ਬਜ਼ੁਰਗਾਂ ਨੂੰ ਦਾਨ ਕੀਤੀ ਸੀ। ਸਾਲ 1960 ਤੋਂ ਇਸ ਧਰਤੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਧਰਤੀ ਨਾਲ ਜੋੜਿਆ ਜਾਣ ਲੱਗਾ। ਇਸ ਸਬੰਧੀ ਲੰਬੇ ਸਮੇਂ ਤੋਂ ਕੇਸ ਚੱਲ ਰਹੇ ਹਨ। ਹਾਈਕੋਰਟ ‘ਚ ਕੇਸ ਚੱਲ ਰਿਹਾ ਹੈ। ਕਿਸੇ ਅਦਾਲਤ ਨੇ SGPC ਦਾ ਕਬਜ਼ਾ ਲੈਣ ਦੇ ਹੁਕਮ ਜਾਰੀ ਨਹੀਂ ਕੀਤੇ। ਅੱਜ ਐਸ.ਜੀ.ਪੀ.ਸੀ ਦੇ ਲੋਕ ਹਥਿਆਰਾਂ ਅਤੇ ਟਰੈਕਟਰਾਂ ਨਾਲ ਜਬਰੀ ਜ਼ਮੀਨ’ਚ ਦਾਖਲ ਹੋ ਗਏ। ਵਿਰੋਧ ਕਰਨ ‘ਤੇ ਉਨ੍ਹਾਂ ‘ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਗਿਆ। ਉਸ ਦੇ ਕਈ ਬੰਦੇ ਜ਼ਖ਼ਮੀ ਹੋ ਗਏ।

ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜ਼ਖ਼ਮੀਆਂ ਦਾ ਹਾਲ-ਚਾਲ ਜਾਣਨ ਲਈ ਸਿਵਲ ਹਸਪਤਾਲ ਪਾਇਲ ਪੁੱਜੇ। ਉਨ੍ਹਾਂ ਡੀਐਸਪੀ ਪਾਇਲ ਤੋਂ ਮਾਮਲੇ ‘ਚ ਬਣਦੀ ਕਾਰਵਾਈ ਦੀ ਮੰਗ ਕੀਤੀ। ਧਾਮੀ ਨੇ ਦੱਸਿਆ ਕਿ ਇਹ ਜ਼ਮੀਨ ਗੁਰੂਘਰ ਦੀ ਹੈ। ਦੂਜੇ ਪੱਖ ਨੇ ਹਮਲਾ ਕਰ ਕੇ ਗਲਤ ਕੀਤਾ। ਪਾਇਲ ਦੇ ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਿਸ ਦੇ ਆਧਾਰ ‘ਤੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।