ਮੈਂ ਪਾਰਟੀ ਬਣਾਉਣ ਦਾ ਫੈਸਲਾ ਕਰ ਚੁੱਕਾ ਹਾਂ, ਕਿਸਾਨੀ ਮਸਲੇ ਦੇ ਹੱਲ ਤੋਂ ਬਾਅਦ ਭਾਜਪਾ ਨਾਲ ਹੋਵੇਗੀ ਗੱਲਬਾਤ : ਕੈਪਟਨ ਅਮਰਿੰਦਰ

0
7051

ਚੰਡੀਗੜ੍ਹ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੈਂ ਪਾਰਟੀ ਬਣਾਉਣ ਦਾ ਫੈਸਲਾ ਕਰ ਚੁੱਕਾ ਹਾਂ। ਕੈਪਟਨ ਨੇ ਕਿਹਾ ਕਿ ਮੈਂ ਘਰ ਨਹੀਂ ਬੈਠਾਂਗਾ, ਜੇਕਰ ਭਾਜਪਾ ਕਿਸਾਨਾਂ ਦਾ ਮਸਲਾ ਹੱਲ ਕਰ ਦਿੰਦੀ ਹੈ ਤਾਂ ਭਾਜਪਾ ਨਾਲ ਗੱਲਬਾਤ ਹੋਵੇਗੀ।

ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਮਿਹਨਤੀ ਇਨਸਾਨ ਹਨ ਤੇ ਚੰਗਾ ਕੰਮ ਕਰ ਰਹੇ ਹਨ। ਉਹ ਮੇਰਾ ਮੰਤਰੀ ਰਿਹਾ ਹੈ ਪਰ ਉਸ ਕੋਲ ਸਮਾਂ ਘੱਟ ਹੈ ਤੇ ਦਸੰਬਰ ਵਿੱਚ ਚੋਣ ਜ਼ਾਬਤਾ ਲੱਗ ਜਾਣਾ ਹੈ, ਜਿਸ ਤੋਂ ਬਾਅਦ ਚੰਨੀ ਕੁਝ ਨਹੀਂ ਕਰ ਸਕੇਗਾ।

ਕੈਪਟਨ ਨੇ ਕਿਹਾ ਕਿ ਕਾਂਗਰਸ ਦਾ ਬਹੁਤ ਤੇਜ਼ੀ ਨਾਲ ਪਤਨ ਹੋ ਰਿਹਾ ਹੈ। ਕਾਂਗਰਸ ‘ਚ ਹਰ ਫੈਸਲਾ ਦਿੱਲੀ ਤੋਂ ਹੁੰਦਾ ਹੈ। ਮੁੱਖ ਮੰਤਰੀ ਤੇ ਤੌਰ ‘ਤੇ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਦਾ ਰਿਹਾ ਹਾਂ। ਮੰਤਰੀ ਵੀ ਪੰਜਾਬ ਦੀ ਬਿਹਤਰੀ ਲਈ ਕੇਂਦਰ ਸਰਕਾਰ ਦੇ ਮੰਤਰੀਆਂ ਨੂੰ ਮਿਲਦੇ ਰਹੇ ਹਨ।

ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਚੰਗੀ ਪਾਰੀ ਖੇਡੀ ਹੈ, ਉਨ੍ਹਾਂ ਨੂੰ ਕੋਈ ਅਫਸੋਸ ਨਹੀਂ ਹੈ। ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਰਹੇ ਜਾਂ ਨਾ, ਮੈਂ ਕਾਂਗਰਸ ਵਿੱਚ ਨਹੀਂ ਰਹਾਂਗਾ।

ਮੈਂ ਆਪਣੀ ਮਰਜ਼ੀ ਨਾਲ ਮੰਤਰੀ ਬਣਾਏ, ਕਿਸੇ ਦਾ ਕੋਈ ਦਖ਼ਲ ਨਹੀਂ ਸੀ, ਹੁਣ ਤਾਂ ਮੰਤਰੀ ਮੰਡਲ ਲਈ ਮੁੱਖ ਮੰਤਰੀ ਨੂੰ ਦਿੱਲੀ ਬੁਲਾ ਲਿਆ ਜਾਂਦਾ ਹੈ। ਸਾਰੇ ਫੈਸਲੇ ਕਾਂਗਰਸ ਹਾਈਕਮਾਂਡ ਲੈ ਰਹੀ ਹੈ। ਕਾਂਗਰਸ ਵਿੱਚ ਹੁਣ ਸਾਰਾ ਕੁਝ ਦਿੱਲੀ ਤੋਂ ਚੱਲ ਰਿਹਾ ਹੈ।

ਕੈਪਟਨ ਨੇ ਕਿਹਾ ਕਿ ਹੁਣ ਉਹ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸੁੱਚਾ ਸਿੰਘ ਛੋਟੇਪੁਰ ਤੇ ਰਵੀਇੰਦਰ ਸਿੰਘ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਕਿਸਾਨੀ ਮਸਲੇ ਦੇ ਹੱਲ ਤੋਂ ਬਾਅਦ ਭਾਜਪਾ ਨਾਲ ਗੱਲਬਾਤ ਹੋਵੇਗੀ।