ਚੰਡੀਗੜ੍ਹ | ਸੋਮਵਾਰ ਰਾਤ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਚਾਕੂ ਨਾਵ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਤਿੰਨ ਸਾਲ ਦੀ ਬੇਟੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਫਿਰ ਆਪ ਵੀ ਫਾਹਾ ਲਗਾ ਲਿਆ। ਮਾਮਲਾ ਚੰਡੀਗੜ੍ਹ ਦੇ ਭਗਵਾਨਪੁਰਾ ਪਿੰਡ ਦਾ ਹੈ। ਇਸ ਘਟਨਾ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਮ੍ਰਿਤਕਾਂ ਦੀ ਪਛਾਣ ਰੇਸ਼ਮ (26), ਪਤਨੀ ਪੂਜਾ (24) ਅਤੇ ਤਿੰਨ ਸਾਲ ਦੀ ਬੇਟੀ ਸ਼ਿਵਾਂਸ਼ ਵਜੋਂ ਹੋਈ ਹੈ। ਪੁਲੀਸ ਨੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਜੀ.ਐਮ.ਐਸ.ਐਚ.-16 ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਲਾਸ਼ ਦਾ ਪੋਸਟਮਾਰਟਮ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਕੀਤਾ ਜਾਵੇਗਾ।
ਆਈਟੀ ਪਾਰਕ ਥਾਣਾ ਇੰਚਾਰਜ ਰੋਹਤਾਸ਼ ਯਾਦਵ ਨੇ ਦੱਸਿਆ ਕਿ ਪਰਿਵਾਰ ਮੂਲ ਰੂਪ ਵਿੱਚ ਨੇਪਾਲ ਦਾ ਰਹਿਣ ਵਾਲਾ ਸੀ ਅਤੇ 20 ਅਗਸਤ ਨੂੰ ਤਿੰਨੋਂ ਨੇਪਾਲ ਤੋਂ ਚੰਡੀਗੜ੍ਹ ਆਏ ਸਨ। ਭਗਵਾਨਪੁਰਾ ਵਿੱਚ ਕਿਰਾਏ ਦਾ ਮਕਾਨ ਲਿਆ ਸੀ। ਰੇਸ਼ਮ ਦੇ ਗੁਆਂਢੀਆਂ ਨੇ ਦੱਸਿਆ ਕਿ ਉਸ ਨੇ ਕਿਹਾ ਸੀ ਕਿ ਉਹ ਇੰਡਸਟਰੀਅਲ ਏਰੀਆ ਦੇ ਇਕ ਹੋਟਲ ਵਿਚ ਕੰਮ ਕਰਦਾ ਸੀ। ਤਿੰਨੋਂ ਘਰੋਂ ਬਾਹਰ ਨਹੀਂ ਨਿਕਲ ਰਹੇ ਸਨ।
ਰੋਹਤਾਸ਼ ਯਾਦਵ ਨੇ ਦੱਸਿਆ ਕਿ ਰੇਸ਼ਮ ਦੇ ਜੀਜਾ ਦਾ ਕਹਿਣਾ ਹੈ ਕਿ ਪੂਜਾ ਦੇ ਕਿਸੇ ਨਾਲ ਨਾਜਾਇਜ਼ ਸਬੰਧ ਸਨ ਤੇ ਉਹ ਉਸ ਨਾਲ ਫੇਸਬੁੱਕ ‘ਤੇ ਚੈਟ ਕਰਦੀ ਸੀ। ਰੇਸ਼ਮ ਨੇ ਉਸਦੀ ਚੈਟਿੰਗ ਪੜ੍ਹੀ ਸੀ। ਇਸੇ ਕਾਰਨ ਉਸ ਨੇ ਪੂਜਾ ਦਾ ਕਤਲ ਕਰ ਦਿੱਤਾ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।
ਰੋਹਤਾਸ਼ ਯਾਦਵ ਨੇ ਦੱਸਿਆ ਕਿ ਰੇਸ਼ਮ ਦੇ ਗੁਆਂਢੀ ਨੇ ਐਤਵਾਰ ਨੂੰ ਪਾਣੀ ਭਰਨ ਲਈ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਸੋਮਵਾਰ ਨੂੰ ਗੁਆਂਢੀ ਰੇਸ਼ਮ ਦੇ ਕਮਰੇ ਦੇ ਬਾਹਰ ਮੀਂਹ ‘ਚ ਕੱਪੜੇ ਗਿੱਲੇ ਹੋਣ ਦੀ ਸੂਚਨਾ ਦੇਣ ਪਹੁੰਚੇ ਅਤੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਕੋਈ ਬਾਹਰ ਨਹੀਂ ਆਇਆ।
ਇਸ ਤੋਂ ਬਾਅਦ ਗੁਆਂਢੀਆਂ ਨੇ ਮਕਾਨ ਮਾਲਕ ਗੁਰਦੇਵ ਨੂੰ ਬੁਲਾਇਆ। ਗੁਰਦੇਵ ਨੇ ਮੌਕੇ ‘ਤੇ ਪਹੁੰਚ ਕੇ ਖਿੜਕੀ ‘ਚੋਂ ਗੱਤਾ ਹਟਾ ਕੇ ਦੇਖਿਆ ਕਿ ਰੇਸ਼ਮ ਫਾਹੇ ਨਾਲ ਲਟਕ ਰਿਹਾ ਸੀ | ਇਸ ਤੋਂ ਬਾਅਦ ਗੁਰਦੇਵ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਦਰਵਾਜ਼ਾ ਤੋੜ ਕੇ ਰੇਸ਼ਮ ਨੂੰ ਫਾਹੇ ਤੋਂ ਹੇਠਾਂ ਲਾਹਿਆ ਗਿਆ। ਰੇਸ਼ਮ ਦੀ ਪਤਨੀ ਨੂੰ ਚਾਕੂ ਨਾਲ ਵੱਢਿਆ ਗਿਆ ਸੀ ਜਦੋਂਕਿ ਉਸ ਦੀ ਤਿੰਨ ਸਾਲ ਦੀ ਬੇਟੀ ਵੀ ਉਸ ਦੇ ਨਾਲ ਹੀ ਮਰੀ ਪਈ ਸੀ। ਉਸ ਦਾ ਕੱਪੜੇ ਨਾਲ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ।