ਕਪੂਰਥਲਾ, 7 ਫਰਵਰੀ | 27 ਸਾਲਾ ਲਵਪ੍ਰੀਤ ਸਿੰਘ ਨੇ ਆਪਣੀ ਪਤਨੀ ਨਾਲ ਲਗਾਤਾਰ ਲੜਾਈ ਝਗੜੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। 29 ਜਨਵਰੀ ਨੂੰ ਲਵਪ੍ਰੀਤ ਨੇ ਆਪਣੇ ਕਮਰੇ ‘ਚ ਇੱਕ ਗਾਰਡਰ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਲਿਆ। ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਤੁਰੰਤ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ 5 ਫਰਵਰੀ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਘਟਨਾ ਪਿੰਡ ਕਾਦੂਪੁਰ ਦੀ ਹੈ।
ਮ੍ਰਿਤਕ ਦੀ ਮਾਤਾ ਚਰਨਜੀਤ ਕੌਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਪਤਨੀ ਅਰਚਨਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦੇ ਲੜਕੇ ਦੀ ਲਵ ਮੈਰਿਜ ਕਰੀਬ 6 ਸਾਲ ਪਹਿਲਾਂ ਪੰਜਾਬੀ ਬਾਗ ਦੀ ਰਹਿਣ ਵਾਲੀ ਅਰਚਨਾ ਨਾਲ ਹੋਈ ਸੀ।
ਵਿਆਹ ਦੇ ਬਾਅਦ ਤੋਂ ਹੀ ਦੋਹਾਂ ਵਿਚਕਾਰ ਹਰ ਰੋਜ਼ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਾਈ ਹੁੰਦੀ ਰਹਿੰਦੀ ਸੀ। ਕਈ ਵਾਰ ਪਰਿਵਾਰ ਅਤੇ ਸਮਾਜ ਦੇ ਪ੍ਰਮੁੱਖ ਲੋਕਾਂ ਨੇ ਦਖਲ ਦੇ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਅਰਚਨਾ ਦਾ ਝਗੜਾਲੂ ਰਵੱਈਆ ਨਹੀਂ ਬਦਲਿਆ। ਪੁਲਿਸ ਹੁਣ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਪਤਨੀ ਦੀ ਭਾਲ ਕਰ ਰਹੀ ਹੈ।