ਪਿੰਡ ਤਲਵੰਡੀ ਰਾਏਦਾਦੂ ‘ਚ ਘਰ ਨੂੰ ਅੱਗ, ਵਿਆਹ ਦਾ ਸਾਰਾ ਸਮਾਨ ਸੜਿਆ, ਨੌਜਵਾਨ ਗੰਭੀਰ ਜ਼ਖ਼ਮੀ

0
239
ਅਜਨਾਲਾ 9 ਜਨਵਰੀ | ਅਜਨਾਲਾ ਦੇ ਪਿੰਡ ਤਲਵੰਡੀ ਰਾਏਦਾਦੂ ਵਿਖੇ ਦੇਰ ਰਾਤ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਘਰ ਨੂੰ ਅੱਗ ਲਗਾ ਦਿੱਤੀ ਗਈ। ਅੱਗ ਲੱਗਣ ਕਾਰਨ ਘਰ ਵਿੱਚ ਪਿਆ ਵਿਆਹ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਇਸ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਨੌਜਵਾਨ ਨੂੰ ਸੱਟਾਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਵੀ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਤਲਵੰਡੀ ਰਾਏਦਾਦੂ ਪਿੰਡ ਦਾ ਇੱਕ ਨੌਜਵਾਨ ਤਿੰਨ ਬੱਚਿਆਂ ਦੀ ਮਾਂ ਨੂੰ ਘਰੋਂ ਲੈ ਕੇ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਔਰਤ ਦੇ ਰਿਸ਼ਤੇਦਾਰਾਂ ਵੱਲੋਂ ਲੜਕੇ ਦੇ ਘਰ ‘ਤੇ ਹਮਲਾ ਕਰਕੇ ਅੱਗ ਲਗਾ ਦਿੱਤੀ ਗਈ।

ਘਟਨਾ ਤੋਂ ਬਾਅਦ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਜਲਦ ਤੋਂ ਜਲਦ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰਿਵਾਰ ਦਾ ਕਹਿਣਾ ਹੈ ਕਿ ਅੱਗ ਲੱਗਣ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ।

ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਸਬੰਧੀ ਫੋਨ ਕਾਲ ਪ੍ਰਾਪਤ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਜਾਂਚ ਦੌਰਾਨ ਘਰ ਵਿੱਚ ਪਿਆ ਸਾਰਾ ਸਮਾਨ ਸੜਿਆ ਹੋਇਆ ਪਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।



ਉੱਧਰ, ਵਿਰੋਧੀ ਧਿਰ ਵੱਲੋਂ ਰਾਂਝਾ ਨੇ ਦੱਸਿਆ ਕਿ ਉਨ੍ਹਾਂ ‘ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ ਅਤੇ ਉਨ੍ਹਾਂ ਨੂੰ ਜਾਣ ਬੁੱਝ ਕੇ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ।