ਹੁਸ਼ਿਆਰਪੁਰ : ਧਾਰਮਿਕ ਅਸਥਾਨ ’ਚ ਨੌਜਵਾਨ ਨੇ ਸ਼ੱਕੀ ਹਾਲਤ ‘ਚ ਦਿੱਤੀ ਜਾਨ, ਪਰਿਵਾਰ ਬੋਲਿਆ – ਸਾਡੇ ਮੁੰਡੇ ਦਾ ਹੋਇਆ ਕ.ਤਲ

0
860

ਹੁਸ਼ਿਆਰਪੁਰ, 12 ਫਰਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੇਰ ਰਾਤ ਪਿੰਡ ਚੰਦੇਲੀ ’ਚ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ ਜਦੋਂ ਪਿੰਡ ਦੇ ਬਾਹਰਵਾਰ ਧਾਰਮਿਕ ਡੇਰੇ ’ਚ 18 ਸਾਲ ਦੇ ਨੌਜਵਾਨ ਨੇ ਜਾਨ ਦੇ ਦਿੱਤੀ। ਨੌਜਵਾਨ 10 ਦਿਨਾਂ ਤੋਂ ਲਾਪਤਾ ਸੀ। ਥਾਣਾ ਮੁਖੀ ਰਮਨ ਕੁਮਾਰ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਮਨਪ੍ਰੀਤ ਸਿੰਘ ਵਾਸੀ ਚੰਦੇਲੀ ਨੇ ਕਿਹਾ ਕਿ ਉਸ ਦਾ ਚਚੇਰਾ ਭਰਾ ਜਸਕਰਨ ਸਿੰਘ ਮਜ਼ਦੂਰੀ ਕਰਦਾ ਸੀ। 1 ਫ਼ਰਵਰੀ ਨੂੰ ਕੰਮ ’ਤੇ ਗਿਆ ਪਰ ਵਾਪਸ ਨਹੀਂ ਮੁੜਿਆ। ਐਤਵਾਰ ਰਾਤ ਨੂੰ ਡੇਰਾ ਦੇਹਰਾ ਵਿਖੇ ਜਸਕਰਨ ਨੇ ਜਾਨ ਦੇ ਦਿੱਤੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਡੇਢ ਸਾਲ ਪਹਿਲਾਂ ਵੀ ਉਨ੍ਹਾਂ ਦੇ ਬੇਟੇ ਨੂੰ ਅਗਵਾ ਕਰਕੇ ਕੁੱਟਮਾਰ ਕੀਤਾ ਤੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰ ਦਿੱਤੀ ਸੀ। ਕੁੱਟਮਾਰ ਕਰਨ ਵਾਲੇ ਵਿਦੇਸ਼ ਦੌੜ ਗਏ ਹਨ।

ਉਨ੍ਹਾਂ ਦੱਸਿਆ ਕਿ ਉਸ ਵੇਲੇ ਵੀ ਪੁਲਿਸ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਅਤੇ ਅੱਜ ਉਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਪੁੱਤਰ ਗੁਆਉਣਾ ਪਿਆ। ਮਾਹਿਲਪੁਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਡੀਐੱਸਪੀ ਸਤੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ਵਿਚੋਂ ਚਿੱਠੀ ਪੱਤਰ ਵੀ ਮਿਲਿਆ ਹੈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

ਦੂਜੇ ਪਾਸੇ ਮ੍ਰਿਤਕ ਦੇ ਚਚੇਰੇ ਭਰਾ ਨੇ ਦੱਸਿਆ ਕਿ ਜਸਕਰਨ ਅਨਪੜ੍ਹ ਸੀ ਅਤੇ ਇਹ ਨੋਟ ਕਤਲ ਕਰਨ ਵਾਲਿਆਂ ਨੇ ਲਿਖ ਕੇ ਉਸ ਦੀ ਜੇਬ ਵਿਚ ਪਾਇਆ ਹੈ।