ਹੁਸ਼ਿਆਰਪੁਰ : ਸਾਬਕਾ ਪਤੀ ਨੇ ਪਹਿਲੀ ਪਤਨੀ ਨੂੰ ਮਾਰੀਆਂ ਗੋਲ਼ੀਆਂ, ਭਰਾ ਨਾਲ ਰੱਖੜੀ ਖਰੀਦਣ ਗਈ ਸੀ ਕ੍ਰਿਸ਼ਮਾ

0
624

ਹੁਸ਼ਿਆਰਪੁਰ : ਮੰਗਲਵਾਰ ਦੁਪਹਿਰ ਪ੍ਰੀਤ ਨਗਰ ਦੀ ਗਲੀ ਨੰਬਰ ’ਚ ਇਕ ਵਿਅਕਤੀ ਨੇ ਗੋਲ਼ੀਆਂ ਚਲਾ ਕੇ ਔਰਤ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਘਟਨਾ ਉਸ ਸਮੇਂ ਵਾਪਰੀ ਜਦੋਂ ਉਕਤ ਔਰਤ ਆਪਣੇ ਭਰਾ ਨਾਲ ਬਾਜ਼ਾਰ ਤੋਂ ਰੱਖੜੀ ਖਰੀਦ ਕੇ ਘਰ ਜਾ ਰਹੀ ਸੀ। ਗੋਲ਼ੀ ਚਲਾਉਣ ਵਾਲਾ ਵਿਅਕਤੀ ਔਰਤ ਦਾ ਪਹਿਲਾ ਪਤੀ ਹੈ।

ਕ੍ਰਿਸ਼ਮਾ ਵਾਸੀ ਨਿਊ ਫਤਿਹਗੜ੍ਹ ਨੇ ਦੱਸਿਆ ਕਿ ਉਸ ਦਾ ਵਿਆਹ 10 ਸਾਲ ਪਹਿਲਾਂ ਵਰੁਣ ਕੁਮਰਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹ ਉਸ ਦੀ ਕੁੱਟਮਾਰ ਕਰਦਾ ਸੀ। ਉਸ ਦਾ ਇਕ ਪੁੱਤਰ ਹੈ ਜਿਸ ਦੀ ਉਮਰ ਛੇ ਸਾਲ ਹੈ।

ਜਦੋਂ ਵਾਰ-ਵਾਰ ਕਹਿਣ ’ਤੇ ਵੀ ਵਰੁਣ ਕੁਮਰਾ ਨੇ ਲੜਾਈ ਨਹੀਂ ਛੱਡੀ ਤਾਂ ਉਨ੍ਹਾਂ ਦਾ ਤਲਾਕ ਹੋ ਗਿਆ। ਬੇਟਾ ਵਰੁਣ ਉਸ ਕੋਲ ਹੀ ਹੈ। ਡੇਢ ਸਾਲ ਪਹਿਲਾਂ ਹੋਏ ਤਲਾਕ ਤੋਂ ਬਾਅਦ ਉਸ ਨੇ ਦੁਬਾਰਾ ਵਿਆਹ ਕਰ ਲਿਆ ਤੇ ਨਿਊ ਫਤਿਹਗੜ੍ਹ ਵਿਖੇ ਪਤੀ ਨਾਲ ਰਹਿੰਦੀ ਹੈ।

ਕ੍ਰਿਸ਼ਮਾ ਨੇ ਦੱਸਿਆ ਕਿ ਰਕਸ਼ਾ ਬੰਧਨ ਦੇ ਤਿਉਹਾਰ ਲਈ ਉਹ ਆਪਣੇ ਭਰਾ ਹੈਪੀ ਨਾਲ ਬਾਜ਼ਾਰ ਤੋਂ ਰੱਖੜੀ ਖਰੀਦਣ ਗਈ ਸੀ। ਜਦੋਂ ਉਹ ਰੱਖੜੀ ਖਰੀਦ ਕੇ ਘਰ ਆ ਰਹੇ ਸਨ ਤਾਂ ਅਚਾਨਕ ਵਰੁਣ ਕੁਮਰਾ ਮਿੰਨੀ ਸਕੱਤਰੇਤ ਦੇ ਸਾਹਮਣੇ ਦਿਸਿਆ ਤੇ ਦੇਖਦੇ ਹੀ ਉਹ ਗਾਲ਼ਾਂ ਕੱਢਣ ਲੱਗਾ। ਜਦੋਂ ਵਰੁਣਾ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਕ੍ਰਿਸ਼ਮਾ ਨੇ ਆਪਣੇ ਭਰਾ ਨੂੰ ਸਕੂਟਰ ਪੁਰਹੀਰਾਂ ਚੌਕੀ ’ਤੇ ਲੈ ਜਾਣ ਲਈ ਕਿਹਾ ਤਾਂ ਜੋ ਉਹ ਪੁਲਿਸ ਨੂੰ ਰਿਪੋਰਟ ਕਰੇ।

ਉਸੇ ਸਮੇਂ ਵਰੁਣ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਸ ਦੇ ਸਾਹਮਣੇ ਆ ਗਿਆ। ਜਿਵੇਂ ਹੀ ਉਹ ਪ੍ਰੀਤ ਨਗਰ ਦੀ ਗਲੀ ਨੰਬਰ ਇਕ ਕੋਲ ਪਹੁੰਚਿਆ ਤਾਂ ਵਰੁਣ ਨੇ ਪਿਸਤੌਲ ਕੱਢ ਕੇ ਫਾਇਰ ਕਰ ਦਿੱਤਾ ਜਿਸ ਕਾਰਨ ਉਹ ਅਤੇ ਹੈਪੀ ਸਕੂਟਰ ਤੋਂ ਡਿੱਗ ਗਏ। ਮਾਰਨ ਦੀ ਨੀਅਤ ਨਾਲ ਉਸ ’ਤੇ ਦੋ ਗੋਲ਼ੀਆਂ ਚਲਾਈਆਂ ਪਰ ਉਹ ਇਕ ਪਾਸਿਓਂ ਨਿਕਲ ਗਈਆਂ। ਇਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ।