ਹੁਸ਼ਿਆਰਪੁਰ ਰੇਪ ਕਾਂਡ – ਪੰਜਾਬ ਸਰਕਾਰ ਪੀੜਤ ਪਰਿਵਾਰ ਨੂੰ ਪੰਚਾਇਤੀ ਜ਼ਮੀਨ ‘ਚੋਂ ਦੇਵੇਗੀ 5 ਮਰਲੇ ਦਾ ਪਲਾਟ, ਮੰਤਰੀ ਅਰੋੜਾ ਨੇ 2.5 ਲੱਖ ਦੇਣ ਦਾ ਐਲਾਨ ਕੀਤਾ

0
4055

ਪੀੜਤ ਮਾਪਿਆਂ ਦੀਆਂ ਪੰਜ ਧੀਆਂ ਦੇ ਨਾਂ ਉਤੇ 50-50 ਹਜਾਰ ਰੁਪਏ ਦੀ ਐਫਡੀ ਕਰਵਾਉਣ ਲਈ ਕੈਬਨਿਟ ਮੰਤਰੀ ਵੱਲੋਂ ਸੁੰਦਰ ਸ਼ਾਮ ਅਰੋੜਾ ਆਪਣੀ ਜੇਬ ਵਿੱਚੋਂ 2.5 ਲੱਖ ਰੁਪਏ ਦੇਣ ਦਾ ਐਲਾਨ

ਹੁਸ਼ਿਆਰਪੁਰ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਉਤੇ ਉਦਯੋਗ ਤੇ ਵਪਾਰ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪਿੰਡ ਜਲਾਲਪੁਰ ਵਿਖੇ ਜਾ ਕੇ ਰੇਪ ਪੀੜਤਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।

ਸੁੰਦਰ ਸ਼ਾਮ ਅਰੋੜਾ ਨੇ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਮਿਸਾਲੀ ਸਜਾ ਦੇਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਮੰਤਰੀ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੁਲੀਸ ਨੇ ਜਾਂਚ ਤੇਜ਼ ਕਰ ਦਿੱਤੀ ਹੈ ਤਾਂ ਜੋ ਕੇਸ ਦੀ ਕਾਰਵਾਈ ਫਾਸਟ ਟਰੈਕ ਰਾਹੀਂ ਚਲਾ ਕੇ ਪੀੜਤ ਪਰਿਵਾਰ ਨੂੰ ਛੇਤੀ ਤੋਂ ਛੇਤੀ ਇਨਸਾਫ ਦਿਵਾਉਣਾ ਯਕੀਨੀ ਬਣਾਇਆ ਜਾ ਸਕੇ।

ਸੁੰਦਰ ਸ਼ਾਮ ਅਰੋੜਾ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਪਰਿਵਾਰ ਨੂੰ ਪੰਜ ਮਰਲੇ ਦਾ ਪਲਾਟ ਦਿੱਤਾ ਜਾਵੇਗਾ ਅਤੇ ਘਰ ਦਾ ਨਿਰਮਾਣ ਕਰਨ ਵਿੱਚ ਪਰਿਵਾਰ ਦੀ ਮਦਦ ਵੀ ਕੀਤੀ ਜਾਵੇਗੀ। ਪਰਿਵਾਰ ਇਸ ਵੇਲੇ ਕਿਰਾਏ ਦੇ ਘਰ ਵਿੱਚ ਰਹਿ ਰਿਹਾ ਹੈ।

ਮੰਤਰੀ ਅਰੋੜਾ ਨੇ ਪੀੜਤ ਪਰਿਵਾਰ ਦੀਆਂ ਪੰਜ ਧੀਆਂ ਦੇ ਨਾਂ ਐਫਡੀ ਕਰਵਾਉਣ ਲਈ ਆਪਣੀ ਜੇਬ ਵਿੱਚੋਂ 2.5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਉਹ ਇਹ ਰਕਮ ਆਪਣੇ ਨਿੱਜੀ ਫੰਡ ਵਿੱਚੋਂ ਦੇਣਗੇ ਅਤੇ ਪੀੜਤ ਪਰਿਵਾਰ ਦੀਆਂ ਪੰਜ ਲੜਕੀਆਂ ਦੇ ਨਾਂ 50-50 ਹਜਾਰ ਰੁਪਏ ਬੈਂਕ ਵਿੱਚ ਜਮ੍ਹਾਂ ਕਰਵਾਏ ਜਾਣਗੇ।