ਹੁਸ਼ਿਆਰਪੁਰ ਨਗਰ ਨਿਗਮ ਚੋਣਾਂ: ਭਲਕੇ ਸਵੇਰੇ 8 ਵਜੇ ਤੋਂ ਪੈਣਗੀਆਂ ਵੋਟਾਂ, 219 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

0
5

ਨਗਰ ਨਿਗਮ ਹੁਸ਼ਿਆਰਪੁਰ ਦੀਆਂ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ 50 ਵਾਰਡਾਂ ਲਈ ਵੋਟਿੰਗ ਹੋਵੇਗੀ, ਜਿਸ ਵਿੱਚ 1,33,569 ਵੋਟਰ 219 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਚੋਣਾਂ ਲਈ 139 ਪੋਲਿੰਗ ਬੂਥ ਬਣਾਏ ਗਏ ਹਨ। ਵੋਟਿੰਗ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM) ਰਾਹੀਂ ਕਰਵਾਈ ਜਾਵੇਗੀ ਅਤੇ ਵੋਟਿੰਗ ਖ਼ਤਮ ਹੋਣ ਤੋਂ ਤੁਰੰਤ ਬਾਅਦ ਉਸੇ ਪੋਲਿੰਗ ਬੂਥ ‘ਤੇ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲਿਸ ਵੱਲੋਂ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੋਲਿੰਗ ਪਾਰਟੀਆਂ ਅਤੇ ਲੋੜੀਂਦਾ ਸਟਾਫ਼ ਵੀ ਆਪਣੇ-ਆਪਣੇ ਪੋਲਿੰਗ ਕੇਂਦਰਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਰ ਆਪਣਾ ਵੋਟਰ ਆਈਡੀ ਕਾਰਡ ਦਿਖਾ ਕੇ ਵੋਟ ਪਾ ਸਕਦੇ ਹਨ। ਜਿਨ੍ਹਾਂ ਕੋਲ ਵੋਟਰ ਕਾਰਡ ਨਹੀਂ ਹੈ, ਉਹ ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਮਨਰੇਗਾ ਜੌਬ ਕਾਰਡ, ਰਾਸ਼ਨ ਕਾਰਡ, ਫੋਟੋ ਵਾਲਾ ਅਸਲਾ ਲਾਇਸੈਂਸ, ਫੋਟੋ ਵਾਲਾ ਪੈਨਸ਼ਨ ਦਸਤਾਵੇਜ਼, ਸੁਤੰਤਰਤਾ ਸੈਨਾਨੀ ਪਛਾਣ ਪੱਤਰ ਜਾਂ ਬੈਂਕ/ਡਾਕਘਰ ਵੱਲੋਂ ਜਾਰੀ ਫੋਟੋ ਵਾਲੀ ਪਾਸਬੁੱਕ ਵਰਗੇ ਮਨਜ਼ੂਰਸ਼ੁਦਾ ਪਛਾਣ ਪੱਤਰਾਂ ਰਾਹੀਂ ਵੀ ਆਪਣੀ ਵੋਟ ਦਾ ਅਧਿਕਾਰ ਵਰਤ ਸਕਦੇ ਹਨ।

ਜ਼ਿਲ੍ਹਾ ਪ੍ਰਸ਼ਾਸਨ ਨੇ ਸਮੂਹ ਵੋਟਰਾਂ ਨੂੰ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਆਪਣੀ ਵੋਟ ਜ਼ਰੂਰ ਪਾਉਣ ਦੀ ਅਪੀਲ ਕੀਤੀ ਹੈ।