ਹੁਸ਼ਿਆਰਪੁਰ| ਪੰਜਾਬ ਦੇ ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ ‘ਤੇ ਬੱਸ ਸਟੈਂਡ ਨੇੜੇ ਸਥਿਤ ਦੱਤ ਇੰਟਰਪ੍ਰਾਈਜ਼ ਤੋਂ ਤਿੰਨ ਲੁਟੇਰੇ 2 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਘਟਨਾ ਮੰਗਲਵਾਰ ਰਾਤ ਦੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੁਕਾਨ ਮਾਲਕ ਹਰਦੀਪ ਦੱਤ ਨੇ ਦੱਸਿਆ ਕਿ ਉਹ ਮੰਗਲਵਾਰ ਰਾਤ ਨੂੰ ਆਪਣੀ ਦੁਕਾਨ ‘ਤੇ ਬੈਠਾ ਸੀ ਕਿ ਇਸ ਦੌਰਾਨ ਤਿੰਨ ਨੌਜਵਾਨ ਆਏ। ਸਾਰਿਆਂ ਨੇ ਆਪਣੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ ਅਤੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਫੜੇ ਹੋਏ ਸਨ। ਜਿਵੇਂ ਹੀ ਉਹ ਪਹੁੰਚੇ ਤਾਂ ਦੋਸ਼ੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਲੁਟੇਰੇ ਦੁਕਾਨ ਦਾ ਸ਼ਟਰ ਅੰਦਰੋਂ ਬੰਦ ਕਰਕੇ ਦੋ ਲੱਖ ਰੁਪਏ ਲੁੱਟ ਕੇ ਸੈਲਾ ਖੁਰਦ ਵੱਲ ਫ਼ਰਾਰ ਹੋ ਗਏ।
ਹਰਦੀਪ ਦੱਤ ਨੇ ਦੱਸਿਆ ਕਿ ਲੁਟੇਰਿਆਂ ‘ਚੋਂ ਇਕ ਉਨ੍ਹਾਂ ਦੇ ਪਿੰਡ ਪਦਰਾਣਾ ਦਾ ਰਹਿਣ ਵਾਲਾ ਸੀ, ਜਿਸ ਨੂੰ ਉਸ ਨੇ ਪਛਾਣ ਲਿਆ। ਉਸ ਨੇ ਮੁਲਜ਼ਮ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ ਪਰ ਉਹ ਇਹ ਕਹਿ ਕੇ ਚਲਾ ਗਿਆ ਕਿ ਜੋ ਕਰਨਾ ਹੈ, ਕਰ ਲਓ। ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਘਟਨਾ ਤੋਂ ਅੱਧੇ ਘੰਟੇ ਬਾਅਦ ਪੁਲਿਸ ਵੀ ਪਹੁੰਚੀ ਪਰ ਉਦੋਂ ਤੱਕ ਲੁਟੇਰੇ ਫ਼ਰਾਰ ਹੋ ਚੁੱਕੇ ਸਨ। ਐਸਐਚਓ ਥਾਣਾ ਗੜ੍ਹਸ਼ੰਕਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।