ਹੁਸ਼ਿਆਰਪੁਰ : ਨਸ਼ੇੜੀਆਂ ਨੇ ਪਾਣੀ ਨਾ ਪਿਆਉਣ ‘ਤੇ ਕਿਸਾਨ ਦੇ ਖੇਤਾਂ ਨੂੰ ਲਗਾਈ ਅੱਗ, 2 ਲੱਖ ਦਾ ਹੋਇਆ ਨੁਕਸਾਨ, 7 ਨਾਮਜ਼ਦ

0
867

ਹੁਸ਼ਿਆਰਪੁਰ/ਮਾਹਿਲਪੁਰ, 20 ਦਸੰਬਰ | ਇਥੋੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ ਹੇਠ 4 ਅਣਪਛਾਤੇ ਵਿਅਕਤੀਆਂ ਅਤੇ ਇਕ ਔਰਤ ਸਮੇਤ 7 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਪੀੜਤ ਮੁਹੰਮਦ ਹਨੀਫ਼ ਵਾਸੀ ਬੀਡੀਓ ਕਾਲੋਨੀ ਵਾਰਡ ਨੰਬਰ 11 ਮਾਹਿਲਪੁਰ ਨੇ ਦੱਸਿਆ ਕਿ ਉਸ ਦੇ ਇਲਾਕੇ ਵਿਚ ਕੁਝ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦੇ ਹਨ। ਉਕਤ ਨਸ਼ਾ ਤਸਕਰਾਂ ਦੇ ਨਾਲ-ਨਾਲ ਇਕ ਔਰਤ ਵੀ ਨਸ਼ਾ ਵੇਚਣ ਦਾ ਕੰਮ ਕਰਦੀ ਹੈ। ਹਨੀਫ ਮੁਹੰਮਦ ਨੇ ਦੱਸਿਆ ਕਿ ਬਲਕਾਰ ਅਤੇ ਲੱਕੀ ਪਾਣੀ ਲੈਣ ਦੇ ਬਹਾਨੇ ਉਸ ਕੋਲ ਆਏ। ਉਹ ਪਾਣੀ ਦੀ ਮੰਗ ਕਰਨ ਲੱਗੇ।

ਉਸ ਨੇ ਕਿਹਾ ਕਿ ਜੇਕਰ ਉਹ ਪਾਣੀ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਨਹੀਂ ਮਿਲੇਗਾ ਕਿਉਂਕਿ ਉਹ ਪਾਣੀ ਦੀ ਵਰਤੋਂ ਨਸ਼ਾ ਕਰਨ ਲਈ ਕਰਦੇ ਹਨ। ਇਹ ਸੁਣ ਕੇ ਉਨ੍ਹਾਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਧਮਕਾਇਆ ਕਿ ਅੱਜ ਤੁਹਾਡੇ ਸਾਰੇ ਪਸ਼ੂ ਗਾਇਬ ਕਰ ਦਿੱਤੇ ਜਾਣਗੇ ਅਤੇ ਤੁਹਾਡੀ ਝੌਂਪੜੀ ਤੇ ਪਰਾਲੀ ਨੂੰ ਅੱਗ ਲਗਾ ਦਿੱਤੀ ਜਾਵੇਗੀ।

ਉਸ ਨੇ ਪੂਰੇ ਮਾਮਲੇ ਨੂੰ ਹਲਕੇ ਵਿਚ ਲਿਆ ਅਤੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਹਨੀਫ਼ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਕਿਸੇ ਜ਼ਰੂਰੀ ਕੰਮ ਲਈ ਘਰੋਂ ਬਾਹਰ ਪਿੰਡ ਗਿਆ ਸੀ ਤਾਂ ਉਸ ਨੂੰ ਫ਼ੋਨ ’ਤੇ ਸੂਚਨਾ ਮਿਲੀ ਕਿ ਕੁਝ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਉਸ ਦੀ ਪਰਾਲੀ ਨੂੰ ਅੱਗ ਲਗਾ ਕੇ ਫ਼ਰਾਰ ਹੋ ਗਏ। ਘਰ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਨੇ ਫਾਇਰ ਬ੍ਰਿਗੇਡ ਹੁਸ਼ਿਆਰਪੁਰ ਨੂੰ ਫੋਨ ਕਰ ਦਿੱਤਾ ਪਰ ਇਸ ਤੋਂ ਪਹਿਲਾਂ ਕਿ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚਦੀ, ਸਾਰੀ ਪਰਾਲੀ ਸੜ ਕੇ ਸੁਆਹ ਹੋ ਗਈ।

ਪੀੜਤ ਨੇ ਦੱਸਿਆ ਕਿ ਉਸ ਨੇ ਕਰੀਬ ਪੱਚੀ ਪਿੰਡਾਂ ਤੋਂ ਪਰਾਲੀ ਦੀ ਖਰੀਦ ਕੀਤੀ ਸੀ ਤਾਂ ਜੋ ਉਸ ਦੇ ਪਸ਼ੂਆਂ ਨੂੰ ਚਾਰਾ ਮਿਲ ਸਕੇ ਪਰ ਨਸ਼ਾ ਤਸਕਰਾਂ ਨੇ ਉਸ ਦੀ ਸਾਰੀ ਪਰਾਲੀ ਸਾੜ ਕੇ ਉਸ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਕੀਤਾ। ਜਦੋਂ ਇਸ ਸਬੰਧੀ ਥਾਣਾ ਮਾਹਿਲਪੁਰ ਦੇ ਇੰਚਾਰਜ ਇੰਸਪੈਕਟਰ ਬਲਵਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਰਾਲੀ ਸਾੜਨ ਦੀ ਸ਼ਿਕਾਇਤ ਮਿਲੀ ਸੀ, ਜਿਸ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੀਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪਤੀ ਬਲਕਾਰ ਅਤੇ ਲੱਕੀ ਤਿੰਨੋਂ ਸਮੇਤ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।