ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਵਿਦਿਆਰਥਣਾਂ ਤੋਂ ਬਾਥਰੂਮ ਦੀ ਸਫ਼ਾਈ ਕਰਵਾਉਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ। ਇਸ ਨੂੰ ਲੈ ਕੇ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਰੋਸ ਹੈ। ਵਾਇਰਲ ਵੀਡੀਓ ‘ਚ ਵਿਦਿਆਰਥਣਾਂ ਸਕੂਲ ਦੇ ਬਾਥਰੂਮ ਦੀ ਸਫਾਈ ਕਰਦੀਆਂ ਨਜ਼ਰ ਆ ਰਹੀਆਂ ਹਨ ਅਤੇ ਵਾਈਪਰ ਨਾਲ ਬਾਥਰੂਮ ਦੇ ਬਾਹਰ ਸਫ਼ਾਈ ਕਰ ਰਹੀਆਂ ਹਨ।
ਇਸ ਵਾਇਰਲ ਵੀਡੀਓ ਨੂੰ ਲੈ ਕੇ ਜਦੋਂ ਸਕੂਲ ਅਧਿਆਪਕਾ ਹਰਜਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਕੂਲ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹੀ ਕਾਰਨ ਹੈ ਕਿ ਬੱਚੇ ਸਫ਼ਾਈ ਵਿੱਚ ਰੁੱਝੇ ਹੋਏ ਸਨ। ਪਿੰਡ ਦੇ ਸਰਪ੍ਰਸਤ ਦਰਬਾਰਾ ਸਿੰਘ ਨੇ ਸਬੰਧਤ ਅਧਿਆਪਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲੜਕੀ ਵੀ ਚੌਥੀ ਜਮਾਤ ਵਿੱਚ ਪੜ੍ਹਦੀ ਹੈ। ਵੀਡੀਓ ‘ਚ ਉਸ ਦੀ ਬੇਟੀ ਨਜ਼ਰ ਨਹੀਂ ਆ ਰਹੀ ਪਰ ਬੇਟੀ ਨੇ ਦੱਸਿਆ ਕਿ ਉਹ ਅੰਦਰ ਸਫਾਈ ਕਰ ਰਹੀ ਸੀ।
ਮਾਪਿਆਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਸਕੂਲ ਭੇਜਦੇ ਹਾਂ। ਉਨ੍ਹਾਂ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਸਕੂਲ ਦੇ ਅਧਿਆਪਕਾਂ ਨੂੰ ਬੱਚਿਆਂ ਤੋਂ ਬਾਥਰੂਮ ਨਹੀਂ ਸਾਫ਼ ਕਰਵਾਉਣੇ ਚਾਹੀਦੇ ਸੀ। ਉਨ੍ਹਾਂ ਕਿਹਾ ਕਿ ਟਾਇਲਟ ਦੀ ਸਫਾਈ ਕਰਵਾਉਣ ਵਾਲੇ ਅਧਿਆਪਕ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਬੈਂਸ, ਜ਼ਿਲ੍ਹਾ ਪ੍ਰਸਾਸ਼ਨ ਨੂੰ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਮੁੱਖ ਅਧਿਆਪਕ ਦਿਲਬਾਗ ਸਿੰਘ ਨੇ ਕਿਹਾ ਕਿ ਮੈਂ ਛੁੱਟੀ ‘ਤੇ ਸੀ। ਉਸ ਦਿਨ 2 ਅਧਿਆਪਕ ਸਕੂਲ ‘ਚ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਉਹ ਵੀ ਨਾਲ ਸਫਾਈ ਕਰ ਰਹੇ ਸਨ ਪਰ ਵਾਇਰਲ ਵੀਡੀਓ ‘ਚ ਉਨ੍ਹਾਂ ਦੇ ਨਾਲ ਨਾ ਹੋਣ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਉਹ ਟਾਇਲਟ ਦੇ ਅੰਦਰ ਸਫਾਈ ਕਰ ਰਹੇ ਸਨ। ਇਹ ਸਾਰੇ ਕੰਮ ਸਫਾਈ ਪੰਦਰਵਾੜੇ ਤਹਿਤ ਚੱਲ ਰਹੇ ਸਨ। ਓਧਰ ਡੀਈਓ ਐਲੀਮੈਂਟਰੀ ਸੰਜੀਵ ਨੇ ਕਿਹਾ ਕਿ ਮੇਰੇ ਧਿਆਨ ‘ਚ ਇਹ ਮਾਮਲਾ ਹੁਣੇ ਆਇਆ ਹੈ। ਮੈਂ ਸਖ਼ਤ ਕਾਰਵਾਈ ਕਰਾਂਗਾ ਅਤੇ ਅਗਲੇਰੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਭੇਜਿਆ ਜਾਵੇਗਾ।