ਹੁਸ਼ਿਆਰਪੁਰ (ਅਮਰੀਕ ਕੁਮਾਰ) | ਹੁਸ਼ਿਆਰਪੁਰ ਦੇ ਬੱਸ ਸਟੈਂਡ ਨੇੜੇ ਸ਼ੁੱਕਰਵਾਰ ਨੂੰ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈੱਲਨੈੱਸ ਸੈਲੂਨ ਐਂਡ ਸਪਾ ਸੈਂਟਰ ‘ਚ ਉਸ ਸਮੇਂ ਜ਼ਬਰਦਸਤ ਹੰਗਾਮਾ ਹੋ ਗਿਆ, ਜਦੋਂ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਨੇ ਮੈਨੇਜਰ ‘ਤੇ ਹੀ ਇਕ ਹੋਰ ਨੌਜਵਾਨ ਨਾਲ ਮਿਲ ਕੇ ਜਿਸਮਫਰੋਸ਼ੀ ਦਾ ਧੰਦਾ ਚਲਾਉਣ ਦਾ ਆਰੋਪ ਲਾ ਦਿੱਤਾ।
ਮਾਹੌਲ ਉਸ ਸਮੇਂ ਹੋਰ ਤਣਾਅਪੂਰਨ ਹੋ ਗਿਆ, ਜਦੋਂ ਕਾਫੀ ਸਮੇਂ ਬਾਅਦ ਪੁਲਿਸ ਵੱਲੋਂ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਤਾਂ ਲੜਕੀਆਂ ਨੇ ਉਸ ਦੀ ਚੰਗੀ ਛਿੱਤਰ ਪਰੇਡ ਕਰ ਦਿੱਤੀ।
ਵਿਦਿਆਰਥਣਾਂ ਨੇ ਦੱਸਿਆ ਕਿ ਉਹ ਇੰਸਟੀਚਿਊਟ ‘ਚ ਸਿੱਖਿਆ ਹਾਸਲ ਕਰ ਰਹੀਆਂ ਹਨ ਪਰ ਪਿਛਲੇ ਕੁਝ ਸਮੇਂ ਤੋਂ ਇੰਸਟੀਚਿਊਟ ‘ਚ ਹੀ ਆਉਣ ਵਾਲਾ ਇਕ ਨੌਜਵਾਨ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ, ਇੱਥੋਂ ਤੱਕ ਕਿ ਜਦੋਂ ਅਸੀਂ ਉਸ ਦੀ ਸ਼ਿਕਾਇਤ ਇੰਸਟੀਚਿਊਟ ਦੀ ਮੈਨੇਜਰ ਕੋਲ ਕਰਦੀਆਂ ਹਾਂ ਤਾਂ ਉਹ ਵੀ ਉਨ੍ਹਾਂ ਦੀ ਮਦਦ ਨਹੀਂ ਕਰਦੀ ਤੇ ਉਲਟਾ ਉਕਤ ਨੌਜਵਾਨ ਨਾਲ ਮਿਲੀ ਹੋਈ ਹੈ।
ਇਥੋਂ ਤੱਕ ਕਿ ਲੜਕੀਆਂ ਨੇ ਇੰਸਟੀਚਿਊਟ ਦੀ ਮੈਨੇਜਰ ਅਤੇ ਉਕਤ ਨੌਜਵਾਨ ‘ਤੇ ਜਿਸਮਫਰੋਸ਼ੀ ਦਾ ਧੰਦਾ ਚਲਾਉਣ ਦੇ ਆਰੋਪ ਲਗਾ ਦਿੱਤੇ। ਮਾਮਲੇ ਸਬੰਧੀ ਜਦੋਂ ਇੰਸਟੀਚਿਊਟ ਦੀ ਮੈਨੇਜਰ ਰਸ਼ਮੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ, ਅਜਿਹੀ ਕੋਈ ਗੱਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਆਪਸ ‘ਚ ਕੋਈ ਲੜਾਈ-ਝਗੜਾ ਹੋਇਆ ਹੈ ਤੇ ਜਿਸਮਫਰੋਸ਼ੀ ਵਾਲੀ ਕੋਈ ਗੱਲ ਨਹੀਂ ਹੈ। ਮੌਕੇ ‘ਤੇ ਪਹੁੰਚੇ ਥਾਣਾ ਮਾਡਲ ਟਾਊਨ ਦੇ ਐੱਸਐੱਚਓ ਕਰਨੈਲ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।