ਹੁਸ਼ਿਆਰਪੁਰ, 10 ਜਨਵਰੀ | ਅੱਜ ਸਵੇਰੇ ਹੁਸ਼ਿਆਰਪੁਰ–ਦਸੂਹਾ ਰੋਡ ’ਤੇ ਦੁਸੜਕਾਂ ਨਜ਼ਦੀਕ ਇੱਕ ਭਿਆਨਕ ਅਤੇ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਨੰਬਰ HP72B-6869 ਵਿੱਚ ਸਵਾਰ ਵਿਅਕਤੀ ਅੰਮ੍ਰਿਤਸਰ ਏਅਰਪੋਰਟ ਵੱਲ ਜਾ ਰਹੇ ਸਨ। ਦੁਸੜਕਾਂ ਅੱਡੇ ਨੇੜੇ ਦਸੂਹਾ ਤੋਂ ਹੁਸ਼ਿਆਰਪੁਰ ਵੱਲ ਆ ਰਹੀ ਪੰਜਾਬ ਰੋਡਵੇਜ਼ ਦੀ ਬਸ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ।
ਇਸ ਹਾਦਸੇ ਵਿੱਚ ਕਾਰ ਸਵਾਰ ਸੁਖਵਿੰਦਰ ਸਿੰਘ (45) ਪੁੱਤਰ ਹਰਨਾਮ ਸਿੰਘ, ਸੁਸ਼ੀਲ ਕੁਮਾਰ (46) ਪੁੱਤਰ ਦੇਸਰਾਜ, ਬ੍ਰਿਜ ਕੁਮਾਰ (38) ਪੁੱਤਰ ਮਹਿੰਦਰ ਕੁਮਾਰ ਅਤੇ ਅਰੁਣ ਕੁਮਾਰ (45) ਪੁੱਤਰ ਗੁਰਪਾਲ ਸਿੰਘ, ਨਿਵਾਸੀ ਪਿੰਡ ਝਲੇਟ (ਦੌਲਤਪੁਰ), ਜ਼ਿਲ੍ਹਾ ਊਣਾ, ਹਿਮਾਚਲ ਪ੍ਰਦੇਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਵਿੱਚ ਅੰਮ੍ਰਿਤ ਕੁਮਾਰ ਪੁੱਤਰ ਸੁਰਿੰਦਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸਨੂੰ ਤੁਰੰਤ ਸਿਵਿਲ ਹਸਪਤਾਲ ਹੁਸ਼ਿਆਰਪੁਰ ਵਿੱਚ ਦਾਖ਼ਲ ਕਰਵਾਇਆ ਗਿਆ।
ਹਸਪਤਾਲ ਵਿੱਚ ਜਾਣਕਾਰੀ ਦਿੰਦਿਆਂ ਅੰਮ੍ਰਿਤ ਕੁਮਾਰ ਨੇ ਦੱਸਿਆ ਕਿ ਉਹ ਅੱਜ ਤੜਕੇ ਆਪਣੇ ਪਿੰਡ ਤੋਂ ਅੰਮ੍ਰਿਤਸਰ ਏਅਰਪੋਰਟ ਲਈ ਰਵਾਨਾ ਹੋਏ ਸਨ। ਉਸ ਨੇ ਕਿਹਾ ਕਿ ਉਸ ਦੀ ਅੱਜ ਅੰਮ੍ਰਿਤਸਰ ਤੋਂ ਫਲਾਈਟ ਸੀ ਅਤੇ ਉਸਦੇ ਰਿਸ਼ਤੇਦਾਰ ਉਸਨੂੰ ਛੱਡਣ ਜਾ ਰਹੇ ਸਨ। ਦੁਸੜਕਾਂ ਅੱਡੇ ਕੋਲ ਅਚਾਨਕ ਬਸ ਨਾਲ ਟੱਕਰ ਹੋਣ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।








































