ਹਰਿਆਣਾ। ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਨਿਕਲਿਆ ਜਿਸ ਦੇ ਬਾਅਦ ਸਖਤ ਸੁਰੱਖਿਆ ਵਿਚ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਵਾਨਾ ਆਸ਼ਰਮ ਰਵਾਨਾ ਹੋ ਗਿਆ। ਉਸ ਦੇ ਨਾਲ ਮੂੰਹਬੋਲੀ ਬੇਟੀ ਹਨੀਪ੍ਰੀਤ ਵੀ ਨਾਲ ਹੈ। ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਹਨੀਪ੍ਰੀਤ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੇਟਸ ਵੀ ਅਪਲੋਡ ਕਰ ਦਿੱਤਾ ਤੇ ਰਾਮ ਰਹੀਮ ਨਾਲ ਆਪਣੀਆਂ ਫੋਟੋਆਂ ਵੀ ਅਪਲੋਡ ਕਰ ਦਿੱਤੀਆਂ।
ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਮਿਲੀ ਹੈ। ਪਿਛਲੇ 54 ਦਿਨਾਂ ਵਿਚ ਉਹ ਦੂਜੀ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਉਹ 25 ਜਨਵਰੀ ਨੂੰ ਸਿਰਸਾ ਡੇਰੇ ਵਿਚ ਆਏਗਾ। ਰਾਮ ਰਹੀਮ ਦੀ ਪੈਰੋਲ ਦੇ ਕਾਗਜ਼ਾਤ ਨੂੰ ਲੈ ਕੇ ਹਨੀਪ੍ਰੀਤ ਤੇ ਉਸ ਦਾ ਵਕੀਲ ਰੋਹਤਕ ਸੁਨਾਰੀਆ ਜੇਲ੍ਹ ਵੀ ਪਹੁੰਚਿਆ ਸੀ। ਰਾਮ ਰਹੀਮ ਸਾਧਵੀ ਯੌਨ ਸ਼ੋਸ਼ਣ, ਛਤਰਪਤੀ ਹੱਤਿਆਕਾਂਡ ਤੇ ਰਣਜੀਤ ਹੱਡਿਆਕਾਂਡ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ।
ਸਾਲ 2023 ਦੇ ਪਹਿਲੇ ਮਹੀਨੇ ਹੀ ਰਾਮ ਰਹੀਮ ਨੂੰ ਸਰਕਾਰ ਨੇ 40 ਦਿਨ ਦੀ ਪੈਰੋਲ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸਾਲ 2022 ਵਿਚ ਪਹਿਲੀ ਵਾਰ 21 ਦਿਨ ਦੀ ਫਰਲੋ ਤੇ 70 ਦਿਨ ਦੀ ਪੈਰੋਲ ਮਿਲੀ। ਰਾਮ ਰਹੀਮ ਦੀ ਫਰਲੋ ਤੇ ਪੈਰੋਲ ਨੂੰ ਲੈ ਕੇ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਵੀ ਰਹੀ। 40 ਦਿਨ ਦੀ ਪੈਰੋਲ ਵਿਚ ਉਸ ਨੇ ਨਸ਼ੇ ‘ਤੇ ਤਿੰਨ ਗਾਣੇ ਵੀ ਲਾਂਚ ਕੀਤੇ।
ਰਾਮ ਰਹੀਮ ਨੇ ਬਰਨਾਲਾ ਆਸ਼ਰਮ ਵਿਚ ਆਨਲਾਈਨ ਸਤਿਸੰਗ ਕੀਤੇ ਪਰ ਰਾਮ ਰਹੀਮ ਦੇ ਇਸ ਸਤਿਸੰਗ ਦਾ ਵਿਰੋਧ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੀਤਾ ਸੀ। ਮਾਲੀਵਾਲ ਨੇ ਪੈਰੋਲ ਨੂੰ ਲੈ ਕੇ ਪੀਐੱਮ ਨੂੰ ਚਿੱਠੀ ਵੀ ਲਿਖੀ ਸੀ ਤੇ ਪੈਰੋਲ ਨਿਯਮਾਂ ਵਿਚ ਬਦਲਾਅ ਦੀ ਮੰਗ ਕੀਤੀ ਸੀ।