ਮਾਨ ਸਰਕਾਰ ਦਾ ਵੱਡਾ ਐਲਾਨ : ਇਨ੍ਹਾਂ ਮਹਿਕਮਿਆਂ ਦੀਆਂ ਅਸਾਮੀਆਂ ਨੂੰ ਜਲਦ ਭਰਨ ਦੇ ਦਿੱਤੇ ਨਿਰਦੇਸ਼

0
573

ਚੰਡੀਗੜ੍ਹ, 17 ਅਕਤੂਬਰ | ਪੰਜਾਬ ਦੇ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸੂਬੇ ਵਿਚ ਫ਼ਸਲੀ ਵਿਭਿੰਨਤਾ ਨੂੰ ਹੋਰ ਤੀਬਰ ਢੰਗ ਨਾਲ ਉਤਸ਼ਾਹਿਤ ਕਰਨ ਲਈ ਵਿਭਾਗ ਨੂੰ ਮਜ਼ਬੂਤ ਕਰਨ ਵੱਲ ਕਦਮ ਵਧਾਉਂਦਿਆਂ 111 ਬਾਗ਼ਬਾਨੀ ਵਿਕਾਸ ਅਫ਼ਸਰਾਂ ਸਮੇਤ ਕੁੱਲ 336 ਵੱਖ-ਵੱਖ ਅਸਾਮੀਆਂ ‘ਤੇ ਛੇਤੀ ਭਰਤੀ ਕੀਤੀ ਜਾਵੇਗੀ। ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਵਿਭਾਗ ਦੀ ਪ੍ਰਗਤੀ ਦੀ ਸਮੀਖਿਆ ਅਤੇ ਕਿਸਾਨਾਂ ਲਈ ਫ਼ਸਲੀ ਵਿਭਿੰਨਤਾ ਦੀ ਵਿਉਂਤਬੰਦੀ ਕਰਨ ਸਬੰਧੀ ਵਿਸਥਾਰਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜੌੜਾਮਾਜਰਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿੱਤ ਵਿਭਾਗ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਤੁਰੰਤ ਕੇਸ ਬਣਾ ਕੇ ਭੇਜਣ।

ਕੈਬਨਿਟ ਮੰਤਰੀ ਨੇ ਕਿਹਾ ਕਿ ਵਿਭਾਗ ਵਿਚ ਬਾਗ਼ਬਾਨੀ ਵਿਕਾਸ ਅਫ਼ਸਰਾਂ ਦੀਆਂ 111, ਬੇਲਦਾਰਾਂ/ਮਾਲੀਆਂ ਦੀਆਂ 217 ਅਤੇ ਚੌਕੀਦਾਰਾਂ ਦੀਆਂ 8 ਅਸਾਮੀਆਂ ਖ਼ਾਲ੍ਹੀ ਹਨ, ਜਿਨ੍ਹਾਂ ਨੂੰ ਭਰਨ ਨਾਲ ਜਿਥੇ ਵਿਭਾਗ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਸਕੇਗਾ, ਉਥੇ ਕਿਸਾਨਾਂ ਨੂੰ ਵੀ ਰਵਾਇਤੀ ਫ਼ਸਲੀ ਚੱਕਰ ਵਿਚੋਂ ਕੱਢਣ ਲਈ ਜਾਗਰੂਕਤਾ ਮੁਹਿੰਮ ਵਧੀਆ ਢੰਗ ਨਾਲ ਚਲਾਈ ਜਾ ਸਕੇਗੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਤੋਂ ਇਲਾਵਾ ਹੋਰ ਤਕਨੀਕੀ ਸਟਾਫ਼ ਜਿਵੇਂ ਹਾਰਟੀਕਲਚਰ ਟੈਕਨੀਕਲ ਅਸਿਸਟੈਂਟ, ਸਬ-ਇੰਸਪੈਕਟਰ, ਕਲਰਕ ਅਤੇ ਟਾਟਾ ਐਂਟਰੀ ਆਪ੍ਰੇਟਰਾਂ ਦੀ ਪੈਸਕੋ ਰਾਹੀਂ ਭਰਤੀ ਕਰਨ ਸਬੰਧੀ ਪ੍ਰਕਿਰਿਆ ਵੀ ਅਮਲ ਵਿਚ ਲਿਆਂਦੀ ਜਾਵੇ।

ਵਿਭਾਗ ਵਿਚ ਜੁਆਇੰਟ ਡਾਇਰੈਕਟਰ, ਡਿਪਟੀ ਡਾਇਰੈਕਟਰ ਅਤੇ ਸਹਾਇਕ ਡਾਇਰੈਕਟਰ ਦੀਆਂ ਤਰੱਕੀਆਂ ਸਬੰਧੀ ਕਾਰਵਾਈ ਤੇਜ਼ ਕਰਨ ਦੀ ਹਦਾਇਤ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਵਿਭਾਗ ਦੀਆਂ ਹੋਰਨਾਂ ਅਸਾਮੀਆਂ ਦੇ ਸੇਵਾ ਨਿਯਮਾਂ ਦੀ ਸਮਾਂਬੱਧ ਤਰੀਕੇ ਨਾਲ ਰੀ-ਸਟ੍ਰਕਚਰਿੰਗ ਯਕੀਨੀ ਬਣਾਈ ਜਾਵੇ ਅਤੇ ਸੂਬੇ ਭਰ ਵਿਚ ਜਿਥੇ ਬਾਗ਼ਬਾਨੀ ਦੇ ਦਫ਼ਤਰ ਨਹੀਂ ਹਨ, ਉਥੇ ਬਣਾਏ ਜਾਣ ਅਤੇ ਖ਼ਸਤਾ ਹਾਲ ਦਫ਼ਤਰਾਂ ਨੂੰ ਨਵਿਆਉਣ ਸਣੇ ਸਾਰੇ ਬਲਾਕ/ਤਹਿਸੀਲ ਪੱਧਰ ਦੇ ਦਫ਼ਤਰਾਂ ਵਿਚ ਲੋੜੀਂਦੇ ਉਪਕਰਣ ਯਕੀਨੀ ਬਣਾਏ ਜਾਣ।