ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪੁੱਜੇ ਮਾਨ : ਬੋਲੇ- ਲੋਕਾਂ ਦੇ ਹਰ ਨੁਕਸਾਨ ਦੀ ਕਰਾਂਗਾ ਭਰਪਾਈ

0
2883

ਦਸੂਹਾ- ਮੁਕੇਰੀਆਂ| ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੇ ਹੈਲੀਕਾਪਟਰ ਸਮੇਤ ਸਮੁੱਚੀ ਮਸ਼ੀਨਰੀ ਲੋਕਾਂ ਦੀ ਮਦਦ ਵਿੱਚ ਲੱਗੀ ਹੋਈ ਹੈ ਅਤੇ ਕਿਸਾਨਾਂ ਸਮੇਤ ਹਰ ਵਰਗ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਹ ਇਥੇ ਮੁਕੇਰੀਆਂ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪੁੱਜੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ’ਚ ਮੀਂਹ ਨਹੀਂ ਪਿਆ, ਪਰ ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਪੈਣ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹ ਆਏ ਹਨ।

ਉਨ੍ਹਾਂ ਨੇ ਇਸ ਸਬੰਧੀ ਟਵੀਟ ਵੀ ਕੀਤਾ ਹੈ ਤੇ ਲਿਖਿਆ ਹੈ- ਪੰਜਾਬ ‘ਚ ਹੜ੍ਹਾਂ ਨੇ ਦੁਬਾਰਾ ਦਸਤਕ ਦਿੱਤੀ ਹੈ..ਪਰ ਮੈਂ ਹਰ ਰੋਜ਼ ਸਥਿਤੀ ਬਾਰੇ ਜਾਣੂ ਹੋ ਰਿਹਾ ਹਾਂ..ਅੱਜ ਹੁਸ਼ਿਆਰਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਗਰਾਊਂਡ ਜ਼ੀਰੋ ‘ਤੇ ਜਾ ਕੇ ਜਾਇਜ਼ਾ ਲਿਆ…ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤੇ ਹੌਸਲਾ-ਹਿੰਮਤ ਬਰਕਰਾਰ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮਾਂ ਔਖਾ ਜ਼ਰੂਰ ਹੈ ਪਰ ਇੱਕ ਦੂਜੇ ਦੇ ਸਾਥ ਨਾਲ ਲੰਘ ਜਾਵੇਗਾ…ਸਰਕਾਰ ਵਾਅਦੇ ਮੁਤਾਬਕ ਲੋਕਾਂ ਦੇ ਹਰ ਨੁਕਸਾਨ ਦੀ ਭਰਪਾਈ ਜ਼ਰੂਰ ਕਰੇਗੀ…ਜਲਦੀ ਹਾਲਾਤ ਆਮ ਵਾਂਗ ਹੋਣਗੇ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਆਖਿਆ ਹੈ ਕਿ ਤਸੱਲੀ ਦੀ ਗੱਲ ਹੈ ਕਿ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘਟ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵੋਟਾਂ ਪਾ ਕੇ ਉਨ੍ਹਾਂ ਨੂੰ ਚੁਣਿਆ ਹੈ ਅਤੇ ਹੁਣ ਉਹ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਲਿਜਾਣ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ।