ਹੋਣੀ ਨੇ ਸੁੱਤੇ ਪਿਆਂ ਨੂੰ ਘੇਰਿਆ : ਤੇਜ਼ ਰਫਤਾਰ ਟਰੱਕ ਕੰਧ ਪਾੜ ਕੇ ਢਾਬੇ ‘ਚ ਵੜਿਆ, 3 ਨੂੰ ਬੁਰੀ ਤਰ੍ਹਾਂ ਦਰੜਿਆ, ਕਈ ਗੰਭੀਰ

0
509

ਉੱਤਰ ਪ੍ਰਦੇਸ਼, 17 ਦਸੰਬਰ| ਯੂਪੀ ‘ਚ ਸੜਕ ਹਾਦਸੇ ਦੀ ਵੱਡੀ ਖਬਰ ਸਾਹਮਣੇ ਆਈ ਹੈ। ਐਤਵਾਰ ਤੜਕੇ ਇੱਕ ਟਰੱਕ ਨੇ ਢਾਬੇ ‘ਤੇ ਸੁੱਤੇ ਪਏ ਤਿੰਨ ਲੋਕਾਂ ਨੂੰ ਕੁਚਲ ਦਿਤਾ। ਇਸ ਹਾਦਸੇ ‘ਚ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ, ਜਦਕਿ 3 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।

ਇਹ ਸੜਕ ਹਾਦਸਾ ਯੂਪੀ ਦੇ ਇਟਾਵਾ ਜ਼ਿਲ੍ਹੇ ਵਿਚ ਵਾਪਰਿਆ। ਇਟਾਵਾ-ਕਾਨਪੁਰ ਹਾਈਵੇਅ ‘ਤੇ ਤੇਜ਼ ਰਫਤਾਰ ਨਾਲ ਜਾ ਰਿਹਾ ਇਕ ਟਰੱਕ ਬੇਕਾਬੂ ਹੋ ਕੇ ਢਾਬੇ ‘ਚ ਜਾ ਵੜਿਆ। ਟਰੱਕ ਦੀ ਟੱਕਰ ਹੋਣ ਕਾਰਨ ਢਾਬੇ ਦੀ ਕੰਧ ਢਹਿ ਗਈ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਕੁਝ ਲੋਕ ਢਾਬੇ ਦੇ ਅੰਦਰ ਸੁੱਤੇ ਹੋਏ ਸਨ। ਇਸ ਹਾਦਸੇ ਤੋਂ ਬਾਅਦ ਢਾਬੇ ਦੇ ਮਲਬੇ ਹੇਠਾਂ ਦੱਬੇ ਤਿੰਨ ਲੋਕਾਂ ਦੀ ਜਾਨ ਚਲੀ ਗਈ ਅਤੇ ਤਿੰਨ ਲੋਕ ਜ਼ਖ਼ਮੀ ਹੋ ਗਏ।

ਲੋਕਾਂ ਵਲੋਂ ਸੂਚਨਾ ਮਿਲਣ ’ਤੇ ਡੀਐਮ-ਐਸਐਸਪੀ ਸਮੇਤ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਕਰੇਨ ਬੁਲਾ ਕੇ ਢਾਬੇ ‘ਚ ਦਾਖਲ ਹੋਏ ਟਰੱਕ ਨੂੰ ਬਾਹਰ ਕੱਢਿਆ ਅਤੇ ਫਿਰ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਦੀ ਨਿਗਰਾਨੀ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।  ਟਰੱਕ ਕਿਵੇਂ ਕਾਬੂ ਤੋਂ ਬਾਹਰ ਹੋ ਗਿਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।