ਹਿਮਾਚਲ : ਕਿਨੌਰ ‘ਚ ਪਹਾੜ ਡਿੱਗਣ ਨਾਲ ਹੁਣ ਤੱਕ 13 ਲਾਸ਼ਾਂ ਮਿਲੀਆਂ, 60 ਤੋਂ ਵੱਧ ਲੋਕ ਅਜੇ ਵੀ ਲਾਪਤਾ

0
994

ਕਿਨੌਰ | ਹਿਮਾਚਲ ਪ੍ਰਦੇਸ਼ ਦੇ ਕਿੰਨੌਰ ‘ਚ ਨਿਗੁਲਸਰੀ ਤੋਂ 2 ਕਿਲੋਮੀਟਰ ਪਹਿਲਾਂ ਰਾਮਪੁਰ ਵੱਲ ਅਚਾਨਕ ਲੈਂਡਸਲਾਈਡਿੰਗ ਹੋਈ। ਇਸ ਹਾਦਸੇ ਕਾਰਨ ਬੱਸ ਮਲਬੇ ਹੇਠ ਦੱਬ ਗਈ ਤੇ ਇੱਕ ਵੱਡਾ ਹਾਦਸਾ ਵਾਪਰ ਗਿਆ।

ਜਾਣਕਾਰੀ ਮੁਤਾਬਕ ਬੱਸ ਅਜੇ ਵੀ ਮਲਬੇ ਵਿੱਚ ਦੱਬੀ ਹੋਈ ਹੈ। ਇਸ ਦੇ ਨਾਲ ਹੀ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਤੇ ਰਾਹਤ ਤੇ ਬਚਾਅ ਕਾਰਜਾਂ ‘ਚ ਲੱਗੀ ਹੋਈ ਹੈ। ਹੁਣ ਤੱਕ 13 ਲੋਕਾਂ ਨੂੰ ਬਚਾਇਆ ਗਿਆ ਹੈ।

ਇਸ ਦੇ ਨਾਲ ਹੀ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿੱਚੋਂ ਕੱਲ੍ਹ 10 ਲਾਸ਼ਾਂ ਮਿਲੀਆਂ ਸਨ। ਇਸ ਦੇ ਨਾਲ ਹੀ ਅੱਜ ਬਚਾਅ ਕਾਰਜ ਦੌਰਾਨ ਆਈਟੀਬੀਪੀ ਵੱਲੋਂ 3 ਹੋਰ ਲਾਸ਼ਾਂ ਕੱਢੀਆਂ ਗਈਆਂ ਹਨ। 60 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਇੱਕ ਬੱਸ, ਬਲੈਰੋ ਤੇ ਇਸ ਦੇ ਯਾਤਰੀ ਅਜੇ ਤੱਕ ਮਲਬੇ ‘ਚੋਂ ਨਹੀਂ ਮਿਲੇ।

ਬੀਤੀ ਰਾਤ ਹਨੇਰਾ ਹੋਣ ਤੋਂ ਬਾਅਦ ਬਚਾਅ ਕਾਰਜ ਬੰਦ ਕਰ ਦਿੱਤਾ ਗਿਆ ਸੀ। ਹਿਮਾਚਲ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਬਚਾਅ ਕਾਰਜ ਵੀਰਵਾਰ ਸਵੇਰੇ ਦੁਬਾਰਾ ਸ਼ੁਰੂ ਕੀਤੇ ਜਾਣਗੇ। ਡੀਸੀ ਆਬਿਦ ਹੁਸੈਨ ਨੇ ਦੱਸਿਆ ਕਿ ਮਲਬੇ ਹੇਠ ਕਈ ਵਾਹਨ ਅਜੇ ਵੀ ਫਸੇ ਹੋਣ ਦਾ ਖਦਸ਼ਾ ਹੈ।

ਪ੍ਰਧਾਨ ਮੰਤਰੀ ਨੇ ਮੁਆਵਜ਼ੇ ਦਾ ਕੀਤਾ ਐਲਾਨ

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਤੇ ਜ਼ਖ਼ਮੀਆਂ ਦੇ ਰਿਸ਼ਤੇਦਾਰਾਂ ਲਈ ਵਿੱਤੀ ਮਦਦ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ 2 ਲੱਖ ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।

CM ਜੈਰਾਮ ਠਾਕੁਰ ਪਹੁੰਚੇ ਮੌਕੇ ‘ਤੇ

ਸੀਐੱਮ ਜੈ ਰਾਮ ਠਾਕੁਰ ਨੇ ਕਿਹਾ ਕਿ ਕੁਝ ਲੋਕਾਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਸ ਹਾਦਸੇ ਬਾਰੇ ਗੱਲ ਕੀਤੀ ਹੈ ਤੇ ਉਨ੍ਹਾਂ ਨੇ ਐੱਨਡੀਆਰਐੱਫ ਦੀ ਟੀਮ ਨੂੰ ਬਚਾਅ ਲਈ ਮੌਕੇ ‘ਤੇ ਪਹੁੰਚਣ ਦੇ ਆਦੇਸ਼ ਦਿੱਤੇ। ਹਾਦਸੇ ਦੀ ਸੂਚਨਾ ਮਿਲਦੇ ਹੀ ਸੀਐੱਮ ਜੈ ਰਾਮ ਠਾਕੁਰ ਘਟਨਾ ਸਥਾਨ ਲਈ ਰਵਾਨਾ ਹੋ ਗਏ ਸਨ।