ਜਲੰਧਰ/ਮੋਗਾ|ਥਾਣਾ ਫਿਲੌਰ ਦੀ ਪੁਲਿਸ 42 ਗ੍ਰਾਮ ਹੈਰੋਇਨ ਦੇ ਮਾਮਲੇ ‘ਚ ਲੋੜੀਂਦੇ ਤਸਕਰ ਗਗਨਦੀਪ ਸਿੰਘ ਨੂੰ ਗ੍ਰਿਫਤਾਰ ਕਰਨ ਗਈ ਤਾਂ ਮੋਗਾ ਦੇ ਪਿੰਡ ਦੁੱਨੇਕੇ ‘ਚ ਤਸਕਰਾਂ ਨੇ ਗੋਲੀਆਂ ਚਲਾ ਦਿੱਤੀਆਂ। ਘਟਨਾ ਵਿੱਚ ਫਿਲੌਰ ਥਾਣੇ ਵਿੱਚ ਤਾਇਨਾਤ ਹੌਲਦਾਰ ਮਨਦੀਪ ਸਿੰਘ ਦੇ ਲੱਕ ਦੇ ਨੇੜੇ ਗੋਲੀ ਲੱਗੀ ਸੀ ਪਰ ਮਨਦੀਪ ਨੇ ਤਸਕਰ ਨੂੰ ਫੜ ਕੇ ਟੀਮ ਹਵਾਲੇ ਕਰ ਦਿੱਤਾ। ਘਟਨਾ ਤੋਂ ਬਾਅਦ ਮੋਗਾ ਪੁਲਿਸ ਚੌਕਸ ਹੈ। ਇਸ ਦੇ ਨਾਲ ਹੀ ਗੋਲੀ ਚਲਾਉਣ ਵਾਲਾ ਦੋਸ਼ੀ ਲਵਪ੍ਰੀਤ ਸਿੰਘ ਹਨੇਰੇ ‘ਚ ਫਰਾਰ ਹੋ ਗਿਆ।
ਮੋਗਾ ਅਤੇ ਜਲੰਧਰ ਪੁਲਸ ਦੋਸ਼ੀਆਂ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਹੈ। ਗਗਨਦੀਪ ਸਿੰਘ ਨੂੰ ਪੁਲਿਸ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਲਵੇਗੀ। ਮੋਗਾ ਦੀ ਸਿਟੀ-1 ਪੁਲਸ ਨੇ ਮਨਦੀਪ ਦੇ ਬਿਆਨ ਦਰਜ ਕਰਨ ਤੋਂ ਬਾਅਦ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਫਿਲੌਰ ਦੇ ਐਸਐਚਓ ਸੁਰਿੰਦਰ ਸਿੰਘ ਕੰਬੋਜ ਨੇ ਦੱਸਿਆ ਕਿ ਗਗਨਦੀਪ ਨੂੰ ਫੜਨ ਲਈ ਟੀਮ ਮੰਗਲਵਾਰ ਤੜਕੇ 2 ਵਜੇ ਪਿੰਡ ਦੁੱਨੇਕੇ ਪਹੁੰਚੀ ਸੀ। ਜਿਵੇਂ ਹੀ ਉਸ ਨੂੰ ਕਾਬੂ ਕੀਤਾ ਗਿਆ ਤਾਂ ਉਸ ਦੇ ਅਣਪਛਾਤੇ ਸਾਥੀ ਨੇ ਪੁਲਸ ਪਾਰਟੀ ‘ਤੇ ਗੋਲੀ ਚਲਾ ਦਿੱਤੀ, ਜੋ ਹੌਲਦਾਰ ਮਨਦੀਪ ਸਿੰਘ ਦੇ ਲੱਕ ਦੇ ਹੇਠਾਂ ਜਾ ਲੱਗੀ, ਇਸ ਦੇ ਬਾਵਜੂਦ ਮਨਦੀਪ ਸਿੰਘ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਭਗੌੜੇ ਦੋਸ਼ੀ ਗਗਨਦੀਪ ਨੂੰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਜ਼ਖਮੀ ਹੌਲਦਾਰ ਮਨਦੀਪ ਸਿੰਘ ਨੂੰ ਹੋਰ ਸਾਥੀਆਂ ਨੇ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ। ਜਿੱਥੋਂ ਉਸ ਨੂੰ ਜਲੰਧਰ ਦੇ ਗਲੋਬਲ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਥਾਣਾ ਫਿਲੌਰ ਦੇ ਐਸਐਚਓ ਸੁਰਿੰਦਰ ਸਿੰਘ ਕੰਬੋਜ ਨੇ ਦੱਸਿਆ ਕਿ 21 ਮਈ ਨੂੰ ਫਿਲੌਰ ਪੁਲੀਸ ਨੇ ਨਸ਼ਾ ਤਸਕਰ ਨਿਧੀ ਪੁੱਤਰੀ ਗੁਰਦੀਪ ਸਿੰਘ ਵਾਸੀ ਪਿੰਡ ਪੰਜਧੇਰਾਂ ਜ਼ਿਲਾ ਫਿਲੌਰ ਨੂੰ 42 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਦੋਸ਼ੀ ਔਰਤ ਤੋਂ ਪੁੱਛਗਿੱਛ ‘ਚ ਗਗਨਦੀਪ ਸਿੰਘ ਦਾ ਨਾਂ ਆਇਆ। ਸੋਮਵਾਰ ਦੇਰ ਸ਼ਾਮ ਸੂਚਨਾ ਮਿਲੀ ਕਿ ਉਕਤ ਦੋਸ਼ੀ ਮੋਗਾ ਕੋਲ ਹੈ ਤਾਂ ਪੁਲਿਸ ਛਾਪਾ ਮਾਰਨ ਲਈ ਮੌਕੇ ‘ਤੇ ਪਹੁੰਚੀ। ਜਿੱਥੇ ਇਹ ਘਟਨਾ ਵਾਪਰੀ। ਮਨਦੀਪ ਸਿੰਘ ਵੱਲੋਂ ਦਿਖਾਈ ਦਲੇਰੀ ਸਦਕਾ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ।