ਤਰਨਤਾਰਨ (ਬਲਜੀਤ ਸਿੰਘ) | ਤਾਮਿਲਨਾਡੂ ਦੇ ਜ਼ਿਲਾ ਰਤਨਾਗਰੀ ਨੇੜੇ ਕੁਨੂਰ ‘ਚ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ’ਚ ਜਨਰਲ ਬਿਪਿਨ ਰਾਵਤ ਨਾਲ ਸਾਰੇ ਸਵਾਰ ਸ਼ਹੀਦ ਹੋ ਗਏ ਹਨ, ਜਿਨ੍ਹਾਂ ‘ਚ ਤਰਨਤਾਰਨ ਦੇ ਪਿੰਡ ਦੋਦੇ ਸੋਢੀਆਂ ਦਾ ਭਾਰਤੀ ਸੈਨਾ ਦਾ ਜਵਾਨ ਨਾਇਕ ਗੁਰਸੇਵਕ ਸਿੰਘ ਵੀ ਸ਼ਾਮਿਲ ਸੀ, ਜਿਸ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਘਰ ‘ਚ ਮਾਤਮ ਛਾ ਗਿਆ ਤੇ ਪਿੰਡ ਅਤੇ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।
ਨਾਇਕ ਗੁਰਸੇਵਕ ਸਿੰਘ ਦੇ ਪਿਤਾ ਕਾਬਲ ਸਿੰਘ ਨੇ ਦੱਸਿਆ ਕਿ ਉਸ ਦੇ ਫੌਜੀ ਬੇਟੇ ਸਮੇਤ 6 ਭਰਾ ਤੇ 2 ਭੈਣਾਂ ਹਨ। ਗੁਰਸੇਵਕ ਸਿੰਘ ਸਾਲ 2004 ’ਚ ਭਾਰਤੀ ਫੌਜ ’ਚ ਭਰਤੀ ਹੋਇਆ ਸੀ ਤੇ ਉਹ 9 ਪੈਰਾ ਸਪੈਸ਼ਲ ਫੋਰਸ ਯੂਨਿਟ ’ਚ ਦਿੱਲੀ ਵਿਖੇ ਡਿਊਟੀ ਕਰਦਾ ਸੀ।
ਉਸ ਦਾ ਵਿਆਹ ਸਾਲ 2011 ’ਚ ਜਸਪ੍ਰੀਤ ਕੌਰ ਨਾਲ ਹੋਇਆ ਸੀ। ਉਸ ਦੀਆਂ 2 ਲੜਕੀਆਂ ਸਿਮਰਤਦੀਪ ਕੌਰ (9), ਗੁਰਲੀਨ ਕੌਰ (7) ਤੇ ਇਕ ਲੜਕਾ ਗੁਰਫਤਿਹ ਸਿੰਘ (4) ਸਾਲ ਹੈ। ਪਰਿਵਾਰ ’ਚ ਬਜ਼ੁਰਗ ਪਿਤਾ ਤੋਂ ਇਲਾਵਾ ਛੋਟਾ ਭਰਾ ਹੈ। ਗੁਰਸੇਵਕ ਸਿੰਘ ਦੀ ਮਾਤਾ ਗੁਰਮੀਤ ਕੌਰ ਸਾਲ 2010 ’ਚ ਅਕਾਲ ਚਲਾਣਾ ਕਰ ਗਏ ਸਨ।
ਜ਼ਿਕਰਯੋਗ ਹੈ ਕਿ ਨਾਇਕ ਗੁਰਸੇਵਕ ਸਿੰਘ ਦੇ ਪਰਿਵਾਰ ਨਾਲ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੇ ਰਾਜਨੀਤਿਕ ਆਗੂ ਦੁੱਖ ਸਾਂਝਾ ਕਰਨ ਨਹੀਂ ਪੁੱਜਾ।
ਪਿੰਡ ਦੇ ਸਰਪੰਚ ਗੁਰਬਾਜ ਸਿੰਘ ਨੇ ਕਿਹਾ ਕਿ ਇਹ ਪਰਿਵਾਰ ਮਿਹਨਤ-ਮਜ਼ਦੂਰੀ ਕਰਨ ਵਾਲਾ ਹੈ ਤੇ ਗੁਰਸੇਵਕ ਸਿੰਘ ਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ।
ਇਸ ਕਰਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਇਨ੍ਹਾਂ ਨੂੰ ਬਣਦਾ ਹੱਕ ਦਿੱਤਾ ਜਾਵੇ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ