ਪੰਜਾਬ ‘ਚ ਭਾਰੀ ਮੀਂਹ ਨਾਲ ਹੋਵੇਗੀ ਗੜ੍ਹੇਮਾਰੀ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ

0
210

ਚੰਡੀਗੜ੍ਹ, 25 ਦਸੰਬਰ | ਪੰਜਾਬ ‘ਚ ਵਧਦੀ ਠੰਡ ਦੇ ਵਿਚਕਾਰ ਬਾਰਿਸ਼ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿਚ 26 ਦਸੰਬਰ ਤੋਂ 28 ਦਸੰਬਰ ਤੱਕ ਗੜੇਮਾਰੀ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸੂਬੇ ਦੇ 15 ਜ਼ਿਲਿਆਂ ਵਿਚ ਸੀਤ ਲਹਿਰ ਅਤੇ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਵਿਭਾਗ ਵੱਲੋਂ ਅੱਜ ਲੁਧਿਆਣਾ, ਜਲੰਧਰ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਜ਼ਿਲਿਆਂ ਲਈ ਕੋਲਡ ਵੇਵ ਅਲਰਟ ਜਾਰੀ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਵੈਸਟਰਨ ਡਿਸਟਰਬੈਂਸ ਦਾ ਵੱਡਾ ਸਪੈੱਲ 27 ਦਸੰਬਰ ਤੋਂ ਸਰਗਰਮ ਹੋਵੇਗਾ। ਪੂਰੇ ਉੱਤਰ ਭਾਰਤ ਵਿਚ 3 ਦਿਨਾਂ ਤੱਕ ਮੌਸਮ ਬਦਲੇਗਾ। 27 ਤੋਂ 29 ਦਸੰਬਰ ਦਰਮਿਆਨ ਮੈਦਾਨੀ ਇਲਾਕਿਆਂ ‘ਚ ਮੀਂਹ ਦੇ ਨਾਲ-ਨਾਲ ਪਹਾੜਾਂ ‘ਤੇ ਚੰਗੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਇਨ੍ਹਾਂ 3 ਦਿਨਾਂ ਦੌਰਾਨ ਚੰਡੀਗੜ੍ਹ ਸਮੇਤ ਮੈਦਾਨੀ ਇਲਾਕਿਆਂ ‘ਚ ਗਰਜ ਅਤੇ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਬਾਰਿਸ਼ ਹੋਵੇਗੀ। 29 ਦਸੰਬਰ ਤੋਂ ਬਾਅਦ ਸੰਘਣੀ ਧੁੰਦ ਛਾਈ ਰਹੇਗੀ। ਰਾਤ ਦੇ ਤਾਪਮਾਨ ‘ਚ ਲਗਾਤਾਰ ਗਿਰਾਵਟ ਨਾਲ ਆਉਣ ਵਾਲੇ ਦਿਨਾਂ ‘ਚ ਠੰਡ ਵੀ ਤੇਜ਼ੀ ਨਾਲ ਵਧੇਗੀ।

ਹਾਲਾਤ ਇਹ ਹਨ ਕਿ ਅੱਤ ਦੀ ਠੰਡ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਸਵੇਰ ਤੋਂ ਹੀ ਹਾਈਵੇ ‘ਤੇ ਪੈ ਰਹੀ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ। ਅਗਲੇ ਹਫ਼ਤੇ ਧੁੰਦ ਦਾ ਕਹਿਰ ਤੇਜ਼ੀ ਨਾਲ ਫੈਲਦਾ ਨਜ਼ਰ ਆਵੇਗਾ।