ਚੰਡੀਗੜ੍ਹ, 17 ਸਤੰਬਰ | ਪੰਜਾਬ ਸਣੇ ਦੇਸ਼ ਦੇ ਕਈ ਹਿੱਸਿਆਂ ‘ਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ। ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਐਤਵਾਰ ਨੂੰ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਦੋ ਦਿਨਾਂ ਦੌਰਾਨ ਦੇਸ਼ ਦੇ ਕੇਂਦਰੀ ਹਿੱਸਿਆਂ ‘ਚ ਸਰਗਰਮ ਮਾਨਸੂਨ ਦੀਆਂ ਸਥਿਤੀਆਂ ਦੀ ਭਵਿੱਖਬਾਣੀ ਕੀਤੀ ਹੈ।
ਆਈਐਮਡੀ ਮੁਤਾਬਕ ਮੱਧ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ ਅਤੇ ਗੁਜਰਾਤ ਸਮੇਤ ਕਈ ਰਾਜਾਂ ‘ਚ 19 ਸਤੰਬਰ ਤੱਕ ਭਾਰੀ ਬਾਰਿਸ਼ ਹੋਵੇਗੀ। 17 ਸਤੰਬਰ ਤੱਕ ਪੱਛਮੀ ਮੱਧ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹਾ ਹੀ ਮੌਸਮ ਗੁਜਰਾਤ ਦੇ ਕਈ ਇਲਾਕਿਆਂ ‘ਚ ਬਣਿਆ ਰਹੇਗਾ। 19 ਸਤੰਬਰ ਨੂੰ ਛੱਤੀਸਗੜ੍ਹ ‘ਚ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ।
IMD ਨੇ ਅਗਲੇ ਦੋ ਦਿਨਾਂ ‘ਚ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਇਲਾਵਾ ਪੰਜਾਬ, ਹਰਿਆਣਾ, ਚੰਡੀਗੜ੍ਹ, ਉੜੀਸਾ, ਪੱਛਮੀ ਬੰਗਾਲ, ਗੁਜਰਾਤ ਦੇ ਸੌਰਾਸ਼ਟਰ ਅਤੇ ਕੱਛ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ, ਕੇਰਲ, ਤਾਮਿਲਨਾਡੂ ਅਤੇ ਪੁਡੂਚੇਰੀ ਦੇ ਕਈ ਖੇਤਰਾਂ ‘ਚ ਤੇਜ਼ ਹਵਾਵਾਂ ਦੇ ਨਾਲ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।