ਫਿਰੋਜ਼ਪੁਰ, 4 ਦਸੰਬਰ | ਗੁਰੂ ਹਰਸਹਾਏ ਦੇ ਪਿੰਡ ਮੋਹਨ ਕੇ ਉੱਤਾਰ ’ਚ ਬੁੱਧਵਾਰ ਸ਼ਾਮ ਨੂੰ ਨਸ਼ੇੜੀ ਪੁੱਤ ਨਾਨਕ ਸਿੰਘ (30) ਨੇ ਪੈਸੇ ਨਾ ਦੇਣ ’ਤੇ ਆਪਣੀ ਮਾਂ ਕੋੜਾ ਬੀਬੀ ਦੀ ਲੋਹੇ ਦੇ ਤ੍ਰਿਸ਼ੂਲ ਨਾਲ ਹੱਤਿਆ ਕਰ ਦਿੱਤੀ।
ਨਾਨਕ ਸਿੰਘ ਲੰਮੇ ਸਮੇਂ ਤੋਂ ਨਸ਼ੇ ਦਾ ਆਦੀ ਸੀ। ਨਸ਼ੇ ਕਾਰਨ ਉਸ ਦੀ ਪਤਨੀ ਘਰ ਛੱਡ ਚੁੱਕੀ ਹੈ ਤੇ ਇਕ ਬੱਚੀ ਦਾ ਪਿਓ ਹੋਣ ਦੇ ਬਾਵਜੂਦ ਉਹ ਮਾਂ ਨਾਲ ਅਕਸਰ ਮਾਰਕੁੱਟ ਕਰਦਾ ਸੀ।
ਸ਼ਾਮ 8 ਵਜੇ ਦੇ ਕਰੀਬ ਜਦੋਂ ਮਾਂ ਨੇ ਨਸ਼ੇ ਲਈ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਗੁੱਸੇ ’ਚ ਆਏ ਨਾਨਕ ਨੇ ਪਹਿਲਾਂ ਮਾਂ ਨੂੰ ਕੁੱਟਿਆ ਤੇ ਫਿਰ ਤ੍ਰਿਸ਼ੂਲ ਨਾਲ ਵਾਰ ਕਰ ਦਿੱਤਾ। ਮੌਕੇ ’ਤੇ ਹੀ ਮਾਂ ਦੀ ਮੌਤ ਹੋ ਗਈ।
ਗਾਂਵ ਦੇ ਸਰਪੰਚ ਪੂਰਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ ਮਾਂ ਨਾਲ ਕਈ ਵਾਰ ਹੱਥੋਪਾਈ ਕਰ ਚੁੱਕਾ ਹੈ।
ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਇੰਸਪੈਕਟਰ ਗੁਰਜੰਟ ਸਿੰਘ ਮੌਕੇ ’ਤੇ ਪੁੱਜੇ। ਨਾਨਕ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।
ਪਰਿਵਾਰ ’ਚ ਮਾਂ-ਪੁੱਤ ਤੋਂ ਇਲਾਵਾ ਕੋਈ ਨਹੀਂ ਸੀ, ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।









































