ਰਿਸ਼ਵਤ ‘ਚ ਸਿਰਫ ਦੋ ਹਜ਼ਾਰ ਦਾ ਨੋਟ ਲੈਂਦਾ ਸੀ, ਮੋਟਰ ਵਹੀਕਲ ਇੰਸਪੈਕਟਰ ਨੇ ਬਣਾਈ 63 ਕਰੋੜ ਦੀ ਜਾਇਦਾਦ

0
7249

ਜਲੰਧਰ | ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫਤਾਰ ਮੋਟਰ ਵਹੀਕਲ ਇੰਸਪੈਕਟਰ ਤੇ ਉਸ ਦੇ ਨੌਕਰ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਅਹਿਮ ਜਾਣਕਾਰੀ ਹਾਸਲ ਕੀਤੀ ਹੈ। ਵਿਜੀਲੈਂਸ ਸੂਤਰਾਂ ਅਨੁਸਾਰ ਐਮਵੀਆਈ ਨਰੇਸ਼ ਕਲੇਰ ਦੇ ਕਾਰਕੁਨ ਕਥਿਤ ਤੌਰ ’ਤੇ ਵਾਹਨ ਪਾਸ ਕਰਵਾਉਣ ਲਈ ਰਿਸ਼ਵਤ ਦੇ ਬਦਲੇ ਸਿਰਫ਼ ਦੋ ਹਜ਼ਾਰ ਦੇ ਨੋਟ ਹੀ ਲੈਂਦੇ ਸਨ।

ਵੱਡੇ ਨੋਟਾਂ ਨੂੰ ਲਿਆਉਣਾ ਤੇ ਸੰਭਾਲਣਾ ਆਸਾਨ ਸੀ। ਨੌਕਰ ਪੰਜ ਸੌ ਦਾ ਨੋਟ ਪਹਿਲਾਂ ਹੀ ਲੈਣ ਤੋਂ ਇਨਕਾਰ ਕਰਦੇ ਸਨ। ਆਨਲਾਈਨ ਜਾਂ UPI ਲੈਣ-ਦੇਣ ਵੀ ਨਹੀਂ ਕੀਤਾ।

ਦੋਸ਼ ਹੈ ਕਿ ਚਾਲਕ ਰਿਸ਼ਵਤ ਦੀ ਰਕਮ ਦੇ ਨਾਲ-ਨਾਲ ਨੋਟਾਂ ਦਾ ਅਗਾਊਂ ਸੌਦਾ ਕਰਦੇ ਸਨ ਤਾਂ ਜੋ ਉਨ੍ਹਾਂ ਕੋਲ ਵੱਡੇ ਨੋਟ ਹੀ ਆਉਣ। ਜਦੋਂ ਪੁਲੀਸ ਨੇ ਕਲੇਰ ਨੂੰ ਗ੍ਰਿਫ਼ਤਾਰ ਕਰਕੇ ਰਿਸ਼ਵਤ ਵਜੋਂ 12 ਲੱਖ ਰੁਪਏ ਬਰਾਮਦ ਕੀਤੇ ਤਾਂ 258 ਨੋਟ ਸਿਰਫ਼ ਦੋ ਹਜ਼ਾਰ ਦੇ ਸਨ।

ਇਸ ਤੋਂ ਇਲਾਵਾ ਵਿਜੀਲੈਂਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਐਮਵੀਆਈ ਨਰੇਸ਼ ਕਲੇਰ ਨੇ 34 ਸਾਲਾਂ ਦੀ ਸੇਵਾ ਦੌਰਾਨ 63 ਕਰੋੜ ਤੋਂ ਵੱਧ ਦੀ ਜਾਇਦਾਦ ਬਣਾਈ ਹੈ। ਇਸ ਵਿੱਚ ਧਰਮਸ਼ਾਲਾ ਵਿੱਚ 25 ਕਰੋੜ ਦੀ ਲਾਗਤ ਨਾਲ ਬਣ ਰਿਹਾ ਹੋਟਲ ਵੀ ਸ਼ਾਮਲ ਹੈ।

ਚੰਡੀਗੜ੍ਹ, ਲੁਧਿਆਣਾ, ਮੁਹਾਲੀ ਸਮੇਤ ਜਲੰਧਰ ਵਿੱਚ ਬਣੀਆਂ ਜਾਇਦਾਦਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਜਾਂਚ ‘ਚ ਜਾਇਦਾਦ ਰਿਸ਼ਵਤ ਦੇ ਪੈਸੇ ਨਾਲ ਬਣੀ ਨਿਕਲਦੀ ਹੈ ਤਾਂ ਪੁਲਸ ਸਾਰੀ ਜਾਇਦਾਦ ਕੁਰਕ ਕਰ ਸਕਦੀ ਹੈ। ਇਨ੍ਹਾਂ ਵਿੱਚੋਂ ਕੁਝ ਜਾਇਦਾਦਾਂ ਕਲੇਰ ਦੇ ਰਿਸ਼ਤੇਦਾਰਾਂ ਦੇ ਨਾਂ ’ਤੇ ਵੀ ਹਨ।

ਪੁਲੀਸ ਨੇ ਨਰੇਸ਼ ਕਲੇਰ ਸਮੇਤ ਉਸ ਦੇ ਦੋ ਸੇਵਾਦਾਰ ਰਾਧੇ ਤੇ ਮੋਹਨ ਨੂੰ ਜੇਲ੍ਹ ਭੇਜ ਦਿੱਤਾ ਹੈ। ਇਸ ਕੇਸ ਵਿੱਚ ਨਾਮਜ਼ਦ ਅੱਠ ਮੁਲਜ਼ਮ ਸੰਜੇ ਮਹਿਤਾ, ਸ਼ੇਰੂ, ਲਵਲੀ, ਦੀਪੂ, ਪਰਮਜੀਤ ਬੇਦੀ, ਮਨੋਹਰ ਲਾਲ ਗੁਪਤਾ, ਰਾਜੇਸ਼ ਅਤੇ ਸੁਰਜੀਤ ਅਜੇ ਵੀ ਫਰਾਰ ਹਨ। ਮਨੋਹਰ ਲਾਲ ਗੁਪਤਾ ਨੇ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਮੰਗਲਵਾਰ ਨੂੰ ਸੁਣਵਾਈ ਹੋਣੀ ਸੀ ਪਰ ਅਦਾਲਤ ‘ਚ ਸੁਣਵਾਈ ਟਾਲ ਦਿੱਤੀ ਗਈ ਅਤੇ ਹੁਣ ਬੁੱਧਵਾਰ ਨੂੰ ਉਨ੍ਹਾਂ ਦੀ ਜ਼ਮਾਨਤ ‘ਤੇ ਫੈਸਲਾ ਲਿਆ ਜਾਵੇਗਾ।