ਹਿਮਾਚਲ ਰਸਤੇ ਹਰਿਆਣੇ ‘ਚ ਆਵੇਗਾ SYL ਦਾ ਪਾਣੀ! 67 ਕਿਲੋਮੀਟਰ ਲੰਮੀ ਨਹਿਰ ਬਣਾਉਣ ‘ਤੇ ਹਰਿਆਣਾ ਖਰਚੇਗਾ 4200 ਕਰੋੜ

0
572

ਚੰਡੀਗੜ੍ਹ| ਹਰਿਆਣੇ ਦੀ ਭਾਜਪਾ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਐੱਸਵਾਈਐੱਲ ਨਹਿਰ ਦਾ ਪਾਣੀ ਆਪਣੇ ਸੂਬੇ ’ਚ ਲਿਆਉਣ ਦਾ ਰਾਹ ਤਿਆਰ ਕਰ ਲੈਣਾ ਚਾਹੁੰਦੀ ਹੈ। ਇਸ ਦੇ ਲਈ ਹਰਿਆਣਾ ਸਰਕਾਰ ਨੇ ਆਪਣੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਸਹਿਯੋਗ ਨਾਲ ਸਤਲੁਜ ਯਮੁਨਾ ਲਿੰਕ ਨਹਿਰ ਦਾ ਪਾਣੀ ਲਿਆਉਣ ਦਾ ਬਦਲ ਤਿਆਰ ਕੀਤਾ ਹੈ।

ਇਸ ਬਦਲ ’ਤੇ 67 ਕਿਲੋਮੀਟਰ ਦਾ ਰੂਟ ਬਣੇਗਾ ਜਿਸ ’ਤੇ ਨਹਿਰ ਬਣਾਉਣ ’ਚ 4200 ਕਰੋੜ ਰੁਪਏ ਦਾ ਖ਼ਰਚ ਆਉਣਾ ਤਜਵੀਜ਼ਸ਼ੁਦਾ ਹੈ। ਗੱਲ ਸਿਰਫ਼ ਹਿਮਾਚਲ ਪ੍ਰਦੇਸ਼ ਦੇ ਮੁਨਾਫ਼ੇ ’ਤੇ ਅਟਕੀ ਹੋਈ ਹੈ। ਨਹਿਰ ਦੇ ਰੂਟ ਪਲਾਨ, ਤਜਵੀਜ਼ਸ਼ੁਦਾ ਖ਼ਰਚ ਤੇ ਹਿਮਾਚਲ ਪ੍ਰਦੇਸ਼ ਦੇ ਮੁਨਾਫ਼ੇ ਸਣੇ ਕਈ ਮੁੱਦਿਆਂ ’ਤੇ ਗੱਲਬਾਤ ਕਰਨ ਲਈ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪੰਜ ਜੂਨ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨਾਲ ਮੀਟਿੰਗ ਹੋਣ ਵਾਲੀ ਹੈ।

ਉਧਰ ਦੂਜੇ ਪਾਸੇ ਹਰਿਆਣੇ ਦੀ ਇਸ ਤਜਵੀਜ਼ ’ਤੇ ਹਿਮਾਚਲ ਮੁਨਾਫ਼ਾ ਮੰਗ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਕਹਿ ਚੁੱਕੇ ਹਨ ਕਿ ਜੇਕਰ ਹਿਮਾਚਲ ਨੂੰ ਫ਼ਾਇਦਾ ਹੋਵੇਗਾ ਤਾਂ ਹਰਿਆਣੇ ਨੂੰ ਹਿਮਾਚਲ ਦੇ ਰਸਤੇ ਸਤਲੁਜ ਦਾ ਪਾਣੀ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਹਰਿਆਣਾ ਇਸ ਪ੍ਰਾਜੈਕਟ ਨੂੰ ਆਪਣੀ ਲਾਗਤ ’ਤੇ ਪੂਰਾ ਕਰਨਾ ਚਾਹੁੰਦਾ ਹੈ ਤਾਂ ਹਿਮਾਚਲ ਸਹਿਮਤ ਹੈ ਪਰ ਹਿਮਾਚਲ ਨੂੰ ਵੀ ਕੁਝ ਆਮਦਨੀ ਹੋਣੀ ਚਾਹੀਦੀ ਹੈ।

ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਸਾਡੀ ਪੰਜ ਜੂਨ ਨੂੰ ਅਹਿਮ ਮੀਟਿੰਗ ਹੋਣ ਵਾਲੀ ਹੈ। ਇਸ ’ਚ ਕਿਸਾਊ ਡੈਮ ਦਾ ਨਿਰਮਾਣ ਕਰਨਾ, ਦਾਦੂਪੁਰ ਤੋਂ ਹਮੀਦਾ ਹੈੱਡ ਨਿਊ ਲਿੰਕ ਚੈਨਲ ਦਾ ਨਿਰਮਾਣ, ਸਰਸਵਤੀ ਨਦੀ ਦਾ ਕਾਇਆਕਲਪ ਤੇ ਹੈਰੀਟੇਜ ਵਿਕਾਸ ਪ੍ਰਾਜੈਕਟ ਸ਼ਾਮਲ ਹੈ। ਐੱਸਵਾਈਐੱਲ ਨਹਿਰ ਦੇ ਪਾਣੀ ਨੂੰ ਵਾਇਆ ਹਿਮਾਚਲ ਪ੍ਰਦੇਸ਼ ਲਿਆਉਣ ’ਤੇ ਅਸੀਂ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ। ਇਸ ਅਹਿਮ ਮੁੱਦੇ ’ਤੇ ਵੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਗੱਲਬਾਤ ਹੋਵੇਗੀ।