ਹਰਿਆਣਾ | ਪਾਣੀਪਤ ਦੇ ਸਮਾਲਖਾ ਕਸਬੇ ਨੇੜੇ ਨੈਸ਼ਨਲ ਹਾਈਵੇ ‘ਤੇ ਇਕ ਸੜਕ ਹਾਦਸਾ ਵਾਪਰ ਗਿਆ। ਅਚਾਨਕ ਪ੍ਰਾਈਵੇਟ ਬੱਸ ਦਾ ਟਾਇਰ ਫਟ ਗਿਆ, ਜਿਸ ਕਾਰਨ ਬੱਸ ਬੇਕਾਬੂ ਹੋ ਗਈ। ਇਸ ਮਗਰੋਂ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਬੱਸ ਪਲਟ ਗਈ। ਇਸ ਹਾਦਸੇ ਵਿਚ 7 ਯਾਤਰੀ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਬੱਸ ਵਿਚ ਬੈਠੀਆਂ ਸਵਾਰੀਆਂ ਵਿਚ ਅਫਰਾ-ਤਫਰੀ ਮੱਚ ਗਈ।
ਜਾਣਕਾਰੀ ਅਨੁਸਾਰ ਪ੍ਰਾਈਵੇਟ ਬੱਸ ਕਟੜਾ ਤੋਂ ਦਿੱਲੀ ਜਾ ਰਹੀ ਸੀ। ਸਮਾਲਖਾ ਵਿਚ ਜਦੋਂ ਬੱਸ ਜੱਟੀਪੁਰ ਨੇੜੇ ਪੁੱਜੀ ਤਾਂ ਟਾਇਰ ਫਟ ਗਿਆ ਤੇ ਬੱਸ ਪਲਟ ਗਈ। ਉਸ ਸਮੇਂ ਬੱਸ ਵਿਚ 40 ਯਾਤਰੀ ਸਵਾਰ ਸਨ। ਹਾਦਸੇ ‘ਚ 7 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਘਟਨਾ ਤੋਂ ਬਾਅਦ ਲੋਕਾਂ ਨੇ ਪੁਲਿਸ ਕੰਟਰੋਲ ਰੂਮ ‘ਤੇ ਹਾਦਸੇ ਦੀ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਤੁਰੰਤ ਮੁਸਾਫ਼ਰਾਂ ਨੂੰ ਬੱਸ ਵਿਚੋਂ ਬਾਹਰ ਕੱਢਿਆ। ਜ਼ਖ਼ਮੀ ਹੋਏ ਸਾਰੇ ਵਿਅਕਤੀਆਂ ਨੂੰ ਸਮਾਲਖਾ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਭੇਜਿਆ। ਹਾਦਸੇ ਵਿਚ ਵਿਸ਼ਨੂੰ, ਦਲੀਪ, ਸੌਰਵ, ਸੁਮਿਤਰਾ (53), ਅਜੈ, ਸ਼ਸ਼ੀਪਾਲ ਅਤੇ ਸ਼ੇਖਬਾਬੂ ਜ਼ਖ਼ਮੀ ਹੋ ਗਏ। ਇਨ੍ਹਾਂ ਜ਼ਖਮੀਆਂ ਵਿਚੋਂ ਡਾਕਟਰਾਂ ਨੇ 2 ਦੀ ਹਾਲਤ ਨਾਜ਼ੁਕ ਦੱਸੀ ਹੈ।