ਨਵੀਂ ਦਿੱਲੀ | ਕੇਂਦਰ ਵੱਲੋਂ ਲਿਆਂਦੇ 3 ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ 2 ਪ੍ਰਮੁੱਖ ਨੇਤਾ ਅੱਜ ਖੇਤੀ ਬਿੱਲਾਂ ਦੇ ਮਾਮਲੇ ’ਤੇ ਆਹਮੋ-ਸਾਹਮਣੇ ਹੋ ਗਏ।
ਘਟਨਾ ਸੰਸਦ ਦੇ ਬਾਹਰ ਵਾਪਰੀ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਰੋਜ਼ਾਨਾ ਵਾਂਗ ਬਸਪਾ ਸੰਸਦ ਮੈਂਬਰਾਂ ਨਾਲ ਕਿਸਾਨਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਲਈ ਕਣਕ ਦੀਆਂ ਬੱਲੀਆਂ ਲੈ ਕੇ ਖੜ੍ਹੇ ਸਨ।
ਇਸ ਮੌਕੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਹਰਸਿਮਰਤ ਬਾਦਲ ਨਾਲ ਬਹਿਸ ਛਿੜ ਪਈ।
ਬਿੱਟੂ ਨੇ ਹਰਸਿਮਰਤ ਬਾਦਲ ਨੂੰ ਕਿਹਾ ਕਿ ਉਹ ਸੰਸਦ ਦੇ ਬਾਹਰ ਇਹ ਪ੍ਰਦਰਸ਼ਨ ਕਰਕੇ ਡਰਾਮਾ ਕਰ ਰਹੇ ਹਨ ਕਿਉਂਕਿ ਜਦ ਇਹ ਬਿੱਲ ਆਏ ਸਨ, ਤਦ ਉਹ ਕੈਬਨਿਟ ਮੰਤਰੀ ਸਨ ਅਤੇ ਇਹ ਸਭ ਕੁਝ ਉਨ੍ਹਾਂ ਦੀ ਸਹਿਮਤੀ ਨਾਲ ਹੀ ਹੋਇਆ ਸੀ।
ਇਸ ‘ਤੇ ਹਰਸਿਮਰਤ ਬਾਦਲ ਨੇ ਕਿਹਾ ਕਿ ਜਦ ਇਹ ਬਿੱਲ ਪਾਸ ਹੋਏ ਤਾਂ ਉਹ ਮੰਤਰੀ ਨਹੀਂ ਸਨ, ਜਿਸ ਦੇ ਜਵਾਬ ‘ਚ ਬਿੱਟੂ ਨੇ ਕਿਹਾ ਕਿ ਉਹ ਝੂਠ ਬੋਲ ਰਹੇ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ, ਸੁਖ਼ਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਨਾ ਸਿਰਫ ਬਿੱਲਾਂ ਲਈ ਆਪਣੀ ਸਹਿਮਤੀ ਦਿੱਤੀ ਸਗੋਂ ਪੰਜਾਬ ਦੇ ਕਿਸਾਨਾਂ ਨੂੰ ਇਹ ਸਮਝਾਉਣ ਦਾ ਯਤਨ ਵੀ ਕੀਤਾ ਕਿ ਬਿੱਲ ਉਨ੍ਹਾਂ ਦੇ ਹੱਕ ਵਿੱਚ ਹਨ ਪਰ ਬਾਅਦ ਵਿੱਚ ਪਾਸਾ ਪਲਟ ਗਏ।
ਇਸ ਦੇ ਜਵਾਬ ‘ਚ ਹਰਸਿਮਰਤ ਬਾਦਲ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ਹੀ ਹੈ, ਜਿਸ ਨੇ ਬਾਈਕਾਟ ਕਰਕੇ ਇਹ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਹੋਣ ਦਿੱਤੇ ਅਤੇ ਹੁਣ ਇਹ ਪਾਰਟੀ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੀ ਹੈ।
ਬਿੱਟੂ ਦੇ ਅੱਜ ਦੇ ਵਰਤਾਅ ’ਤੇ ਆਪਣਾ ਪੱਖ ਰੱਖਦਿਆਂ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਡਾ. ਚੀਮਾ ਨੇ ਕਿਹਾ ਕਿ ਬਿੱਟੂ ਭਾਜਪਾ ਦੀ ਕੁਹਾੜੀ ਵਿੱਚ ਦਸਤੇ ਦਾ ਕੰਮ ਕਰ ਰਹੇ ਹਨ।
ਉਨ੍ਹਾਂ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਕੀ ਬਿੱਟੂ ਦੀ ਵਿਸ਼ੇਸ਼ ਡਿਊਟੀ ਇਸ ਗੱਲ ‘ਤੇ ਲਾਈ ਗਈ ਹੈ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੇ ਸੰਸਦ ਮੈਂਬਰਾਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਨ।
ਇਸੇ ਦੌਰਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਰਵਨੀਤ ਬਿੱਟੂ ਤੋਂ ਆਪਣੇ ਵਰਤਾਅ ਲਈ ਮੁਆਫ਼ੀ ਦੀ ਮੰਗ ਕੀਤੀ।