ਨਵੀਂ ਦਿੱਲੀ | ਭਾਰਤ ਦੀ ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਲਿਆ ਹੈ। ਹਰਨਾਜ਼ ਸੰਧੂ ਤੋਂ ਪਹਿਲਾਂ ਸੁਸ਼ਮਿਤਾ ਸੇਨ ਨੇ 1994 ਤੇ ਲਾਰਾ ਦੱਤਾ ਨੇ 2000 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ।
ਇਸ ਤਰ੍ਹਾਂ 21 ਸਾਲ ਬਾਅਦ ਫਿਰ ਤੋਂ ਇਹ ਖਿਤਾਬ ਭਾਰਤ ਦੇ ਹਿੱਸੇ ਆਇਆ ਹੈ। ਹਰਨਾਜ਼ ਕੌਰ ਸੰਧੂ ਚੰਡੀਗੜ੍ਹ ਦੀ ਰਹਿਣ ਵਾਲੀ ਹੈ ਤੇ ਉਸ ਨੇ ਪੈਰਾਗਵੇ ਤੇ ਦੱਖਣੀ ਅਫਰੀਕਾ ਦੀਆਂ ਵਿਰੋਧੀਆਂ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ ਹੈ।
ਹਰਨਾਜ਼ ਕੌਰ ਨੂੰ ਮੈਕਸੀਕੋ ਦੀ ਐਂਡਰੀਆ ਮੇਜ਼ਾ ਨੇ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ। ਮਿਸ ਯੂਨੀਵਰਸ ਦੀ ਚੋਣ ਕਮੇਟੀ ਵਿੱਚ ਭਾਰਤ ਦੀ ਉਰਵਸ਼ੀ ਰੌਟੇਲਾ, ਅਦਾਮਾਰੀ ਲੋਪੇਜ਼, ਐਡਰੀਅਨ ਲੀਮਾ, ਚੈਸਲੇ ਕ੍ਰਿਸਟ, ਆਇਰਿਸ ਮਿਟਨੇਏਰ, ਲੌਰੀ ਹਾਰਵੇ, ਮਾਰੀਅਨ ਰਿਵੇਰਾ ਤੇ ਰੇਨਾ ਸੋਫਰ ਸ਼ਾਮਲ ਸਨ। ਹਰਨਾਜ਼ ਕੌਰ ਸੰਧੂ ਪਬਲਿਕ ਐਡਮਨਿਸਟ੍ਰੇਸ਼ਨ ਵਿੱਚ ਪੀਜੀ ਕਰ ਰਹੀ ਹੈ।
ਅੰਤਿਮ ਸਵਾਲ-ਜਵਾਬ ਦੌਰਾਨ ਹਰਨਾਜ਼ ਕੌਰ ਸੰਧੂ ਨੂੰ ਪੁੱਛਿਆ ਗਿਆ ਕਿ ਉਹ ਨੌਜਵਾਨ ਲੜਕੀਆਂ ਨੂੰ ਕੀ ਸਲਾਹ ਦੇਵੇਗੀ ਕਿ ਉਹ ਅੱਜਕੱਲ੍ਹ ਦੇ ਦਬਾਅ ਦਾ ਸਾਹਮਣਾ ਕਰ ਰਹੀਆਂ ਹਨ। ਹਰਨਾਜ਼ ਨੇ ਜਵਾਬ ਦਿੱਤਾ, ”ਅੱਜ ਦੇ ਨੌਜਵਾਨਾਂ ‘ਤੇ ਸਭ ਤੋਂ ਵੱਡਾ ਦਬਾਅ ਆਪਣੇ-ਆਪ ‘ਤੇ ਵਿਸ਼ਵਾਸ ਕਰਨਾ ਹੈ, ਇਹ ਜਾਣਨਾ ਕਿ ਤੁਸੀਂ ਵਿਲੱਖਣ ਹੋ ਤੇ ਇਹੀ ਤੁਹਾਨੂੰ ਸੁੰਦਰ ਬਣਾਉਂਦਾ ਹੈ।”
“ਦੂਜਿਆਂ ਨਾਲ ਆਪਣੀ ਤੁਲਨਾ ਕਰਨਾ ਬੰਦ ਕਰੋ ਅਤੇ ਦੁਨੀਆ ਭਰ ਵਿੱਚ ਵਾਪਰ ਰਹੀਆਂ ਹੋਰ ਮਹੱਤਵਪੂਰਨ ਚੀਜ਼ਾਂ ਬਾਰੇ ਗੱਲ ਕਰੋ। ਤੁਹਾਨੂੰ ਇਹ ਸਮਝਣ ਦੀ ਲੋੜ ਹੈ। ਅੱਗੇ ਆਓ ਤੇ ਆਪਣੇ ਲਈ ਬੋਲੋ ਕਿਉਂਕਿ ਤੁਸੀਂ ਆਪਣੇ ਜੀਵਨ ਦੇ ਲੀਡਰ ਹੋ ਅਤੇ ਤੁਸੀਂ ਆਪਣੀ ਆਵਾਜ਼ ਖੁਦ ਹੋ। ਮੈਨੂੰ ਆਪਣੇ-ਆਪ ‘ਤੇ ਵਿਸ਼ਵਾਸ ਹੈ, ਇਸੇ ਲਈ ਮੈਂ ਅੱਜ ਇੱਥੇ ਖੜ੍ਹੀ ਹਾਂ।”
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ