ਲੁਧਿਆਣਾ ‘ਚ ਹੇਅਰ ਡਰੈਸਰ ਦਾ ਕਤਲ ਕਰਕੇ ਨਹਿਰ ’ਚ ਸੁੱਟੀ ਲਾਸ਼; 8 ਦਿਨਾਂ ਤੋਂ ਲਾਪਤਾ ਸੀ ਸੁਖਜੀਤ ਸਿੰਘ

0
296

ਲੁਧਿਆਣਾ/ਖੰਨਾ, 13 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਗਲਵੱਡੀ ਦੇ ਰਹਿਣ ਵਾਲੇ ਹੇਅਰ ਡਰੈਸਰ ਦਾ ਕਤਲ ਕਰਕੇ ਲਾਸ਼ ਨੂੰ ਸਰਹਿੰਦ ਨਹਿਰ ’ਚ ਸੁੱਟ ਦਿੱਤਾ ਗਿਆ। 8 ਦਿਨਾਂ ਬਾਅਦ ਪੁਲਿਸ ਨੇ ਸੁਖਜੀਤ ਸਿੰਘ ਸੋਨੀ ਵਾਸੀ ਗਲਵੱਡੀ ਦੀ ਲਾਸ਼ ਬਰਾਮਦ ਕੀਤੀ ਹੈ। ਉਹ ਖੰਨਾ ਦੇ ਵੇਰਕਾ ਮਿਲਕ ਪਲਾਂਟ ’ਚ ਵੀ ਕੰਮ ਕਰਦਾ ਸੀ ਤੇ ਸਵੇਰੇ ਤੇ ਸ਼ਾਮ ਨੂੰ ਹੇਅਰ ਡਰੈਸਰ ਦਾ ਕੰਮ ਕਰਦਾ ਸੀ।

ਮ੍ਰਿਤਕ ਸੁਖਜੀਤ ਸਿੰਘ ਦੇ ਪਿਤਾ ਕਰਮ ਸਿੰਘ ਅਤੇ ਮਾਤਾ ਗੁਰਮੀਤ ਕੌਰ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਅਗਵਾ ਕਰਕੇ ਕਤਲ ਕੀਤਾ ਗਿਆ ਹੈ। ਕਤਲ ਮਗਰੋਂ ਲਾਸ਼ ਨਹਿਰ ’ਚ ਸੁੱਟ ਦਿੱਤੀ ਗਈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੁਲਿਸ ਅਨੁਸਾਰ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਮ੍ਰਿਤਕ ਸੁਖਜੀਤ ਸਿੰਘ ਦੇ ਪਿਤਾ ਕਰਮ ਸਿੰਘ ਤੇ ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੁਖਜੀਤ ਸਿੰਘ ਹੇਅਰ ਡਰੈਸਰ ਦਾ ਕੰਮ ਕਰਦਾ ਸੀ। ਕੰਮ ਘੱਟ ਹੋਣ ਕਾਰਨ ਉਹ ਕਰੀਬ ਮਹੀਨਾ ਪਹਿਲਾਂ ਵੇਰਕਾ ਮਿਲਕ ਪਲਾਂਟ ’ਚ ਕੰਮ ਕਰਨ ਲੱਗਾ। ਉਹ 4 ਅਕਤੂਬਰ ਨੂੰ ਕੰਮ ’ਤੇ ਗਿਆ ਸੀ ਪਰ ਉਹ ਵਾਪਸ ਘਰ ਨਾ ਆਇਆ। ਰਾਤ ਨੂੰ ਉਸ ਦਾ ਫੋਨ ਆਇਆ ਸੀ ਤੇ ਉਹ ਘਬਰਾਇਆ ਹੋਇਆ ਸੀ।

ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਤੋਂ ਡਰਾ-ਧਮਕਾ ਕੇ ਫੋਨ ਕਰਵਾਇਆ ਗਿਆ ਸੀ, ਜਿਸ ਕਰਕੇ ਬਾਅਦ ’ਚ ਉਸ ਨੇ ਨਾ ਫੋਨ ਚੁੱਕਿਆ ਤੇ ਨਾ ਹੀ ਬੈਕ ਕਾਲ ਕੀਤੀ। ਬਾਅਦ ’ਚ ਉਸ ਦਾ ਫੋਨ ਬੰਦ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਦੂਜੇ ਦਿਨ ਭਾਲ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਲੜਕਾ ਛੁੱਟੀ ਤੋਂ ਇਕ ਘੰਟਾ ਪਹਿਲਾਂ 1 ਹਜ਼ਾਰ ਰੁਪਏ ਐਡਵਾਂਸ ਲੈ ਕੇ ਕਿਸੇ ਨਾਲ ਚਲਾ ਗਿਆ ਸੀ। ਉਸ ਨੇ ਆਪਣੇ ਪੁੱਤਰ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ।

ਇਸ ਦੌਰਾਨ ਬੇਟੇ ਦੇ ਨੰਬਰ ਤੋਂ ਕਾਲ ਆਈ ਤਾਂ ਪਤਾ ਲੱਗਾ ਕਿ ਬੇਟੇ ਦੀ ਲਾਸ਼ ਸਰਹਿੰਦ ਨਹਿਰ ਦਿਆਲਪੁਰਾ ’ਚ ਪਈ ਹੈ। ਫੋਨ ਕਰਨ ਵਾਲੇ ਗੋਤਾਖੋਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨੌਜਵਾਨ ਦੀ ਲਾਸ਼ ਨਹਿਰ ’ਚੋਂ ਮਿਲੀ ਹੈ। ਨੌਜਵਾਨ ਦੀ ਜੇਬ ’ਚ ਇਕ ਫੋਨ ਸੀ, ਜਿਸ ਦੇ ਸਿਮ ਤੋਂ ਫੋਨ ਕਰਕੇ ਪਰਿਵਾਰ ਨੂੰ ਸੂਚਿਤ ਕੀਤਾ।

ਥਾਣਾ ਸਦਰ ਖੰਨਾ ਦੇ ਐੱਸਐੱਚਓ ਹਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਵਿਸਰੇ ਦੇ ਨਮੂਨੇ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।