ਗੁਰਦਾਸਪੁਰ। ਮੁਹੱਲਾ ਗੋਪਾਲ ਨਗਰ ਵਿਖੇ ਚੋਰਾਂ ਵੱਲੋਂ ਚੋਰੀ ਦੀ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਾਰਦਾਤ ਕਿਸੇ ਸੁੰਨਸਾਨ ਮੁਹੱਲੇ ਵਿੱਚ ਨਹੀਂ ਬਲਕਿ ਉਸ ਮੁਹੱਲੇ ਵਿਚ ਹੋਈ ਹੈ, ਜਿੱਥੇ ਚਾਰੋਂ ਪਾਸੇ ਘਰ ਹੀ ਘਰ ਹਨ। ਦਿਨ ਦਿਹਾੜੇ ਚੋਰ ਇੱਕ ਘਰ ਵਿੱਚ ਵੜ ਕੇ ਸਵਾ ਲੱਖ ਰੁਪਏ ਦੇ ਕਰੀਬ ਨਕਦੀ ਅਤੇ 6 ਤੋਲੇ ਸੋਨੇ ਅਤੇ 12 ਤੋਲੇ ਦੇ ਕਰੀਬ ਚਾਂਦੀ ਦੇ ਗਹਿਣੇ ਲੈਕੇ ਫਰਾਰ ਹੋ ਗਏ। ਦੱਸਿਆ ਗਿਆ ਹੈ ਕਿ ਚੋਰੀ ਕਰਕੇ ਬਾਹਰ ਆਏ ਚੋਰਾਂ ਦਾ ਕਿਸੇ ਮੋਟਰਸਾਈਕਲ ਸਵਾਰ ਵੱਲੋਂ ਪਿੱਛਾ ਵੀ ਕੀਤਾ ਗਿਆ ਪਰ ਉਹ ਉਸ ਦੇ ਹੱਥ ਨਹੀਂ ਆਏ
ਜਾਣਕਾਰੀ ਦਿੰਦਿਆਂ ਰਾਜੇਸ਼ ਭੰਡਾਰੀ ਨੇ ਦੱਸਿਆ ਕਿ ਮੁਹੱਲਾ ਗੁਰਪਾਲ ਨਗਰ ਵਿਖੇ ਹੈਲਪ ਕਲੱਬ ਵਾਲੀ ਗਲੀ ਵਿੱਚ ਰਹਿੰਦੇ ਹਨ। ਅੱਜ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਉਹ ਕਿਸੇ ਕੰਮ ਲਈ ਪਠਾਨਕੋਟ ਗਏ ਸਨ। ਸ਼ਾਮ ਪੰਜ ਵਜੇ ਜਦੋਂ ਉਹ ਘਰ ਵਾਪਸ ਆਏ ਤਾਂ ਗੇਟ ਦਾ ਬਾਹਰ ਦਾ ਤਾਲਾ ਉਂਝ ਹੀ ਲੱਗਿਆ ਹੋਇਆ ਸੀ। ਉਨ੍ਹਾਂ ਨੇ ਤਾਲਾ ਖੋਲਿਆ ਤਾਂ ਗੇਟ ਅੰਦਰੋਂ ਬੰਦ ਸੀ। ਉਨ੍ਹਾਂ ਨੂੰ ਇਸ ਤੇ ਹੀ ਸ਼ੱਕ ਹੋਇਆ ਤੇ ਉਨ੍ਹਾਂ ਨੇ ਇਕ ਮੁੰਡਾ ਕੰਧ ਟਪਾ ਕੇ ਅੰਦਰ ਭੇਜਿਆ ਤੇ ਗੇਟ ਖੁੱਲ੍ਹਵਾਇਆ। ਅੰਦਰ ਵੜਦੇ ਹੀ ਉਨਾਂ ਨੇ ਵੇਖਿਆ ਕਿ ਦਰਵਾਜ਼ਿਆਂ ਦੇ ਸਾਰੇ ਲੋਕ ਟੁੱਟੇ ਹੋਏ ਸੀ। ਉਹ ਘਰ ਦੇ ਅੰਦਰ ਗਏ ਅਤੇ ਵੇਖਿਆ ਕਿ ਅਲਮਾਰੀਆਂ ਦੇ ਵੀ ਤਾਲੇ ਟੁੱਟੇ ਹੋਏ ਸੀ ਅਤੇ ਸਾਰਾ ਸਾਮਾਨ ਬਿਖਰਿਆ ਪਿਆ ਸੀ।
ਪੜਤਾਲ ਕਰਨ ਤੇ ਪਤਾ ਲੱਗਿਆ ਕਿ ਚੋਰ ਅੰਦਰ ਦੀਆਂ ਅਲਮਾਰੀਆਂ ਦੇ ਤਾਲੇ ਤੋੜ ਕੇ ਲਗਭਗ ਸਵਾ ਲੱਖ ਰੁਪਏ ਦੇ ਕਰੀਬ ਨਕਦੀ, 6 ਤੋਲੇ ਸੋਨੇ ਦੇ ਗਹਿਣੇ ਅਤੇ 12 ਤੋਲੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਜੇਸ਼ ਭੰਡਾਰੀ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਉਨਾਂ ਦੇ ਘਰ ਚੋਰੀ ਹੋ ਗਈ ਹੈ। ਉਹ ਮੌਕੇ ਤੇ ਪਹੁੰਚੇ ਹਨ ਅਤੇ ਰਾਜੇਸ਼ ਭੰਡਾਰੀ ਦੇ ਬਿਆਨ ਲੈ ਲਏ ਗਏ ਹਨ। ਨੇੜੇ-ਤੇੜੇ ਦੇ ਸੀਸੀਟੀਵੀ ਕੈਮਰੇ ਦੇਖ ਕੇ ਜਲਦੀ ਹੀ ਇਸ ਵਾਰਦਾਤ ਨੂੰ ਸੁਲਝਾ ਲਿਆ ਜਾਵੇਗਾ